ਬੇਰੋਜ਼ਗਾਰੀ ਅਤੇ ਖੁਦਕਸ਼ੀਆਂ ਦੋਨੋਂ ਦੀ ਰਿਸ਼ਤੇਦਾਰੀ :
ਡਿਪ੍ਰੈਸ਼ਨ, ਖੁਦਕੁਸ਼ੀ ਬਹੁਤੇ ਬੇਰੋਜ਼ਗਾਰੀ ਦੇ ਹੀ ਨਤੀਜੇ ਨੇ। 2020 ‘ਚ ਬੇਰੋਜ਼ਗਾਰਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਪਹਿਲੀ ਵਾਰ 3000 ਦੀ ਗਿਣਤੀ ਪਾਰ ਕਰ ਗਿਆ। ਇਸੇ ਸਾਲ 5,213 ਲੋਕਾਂ ਨੇ ਕਰਜ਼ਦਾਰ ਹੋਣ ਦੇ ਕਾਰਨ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਸਰਕਾਰ ਵੱਲੋਂ ਮੁਹੱਈਆ ਅੰਕੜੇ ਐੱਨ.ਸੀ.ਆਰ.ਬੀ. (ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ) ‘ਤੇ ਆਧਾਰਤ ਹੈ ਜਿਨ੍ਹਾਂ ਦੇ ਅਨੁਸਾਰ ਦੇਸ਼ ਵਿੱਚ ਖੁਦਕੁਸ਼ੀ ਦੇ ਅੰਕੜੇ 2019 ਦੇ 1.39 ਲੱਖ ਤੋਂ ਵਧ ਕੇ 1.53 ਲੱਖ ਹੋ ਗਏ।
ਐੱਨ.ਸੀ.ਆਰ.ਬੀ. ਅਨੁਸਾਰ 2018 ਤੋਂ 2020 ਦੇ ਦਰਮਿਆਨ ਬੇਰੋਜ਼ਗਾਰੀ ਅਤੇ ਕਰਜ਼ਦਾਰੀ ਦੇ ਕਾਰਨ 25 ਹਜ਼ਾਰ ਤੱਕ ਲੋਕ ਖੁਦਕੁਸ਼ੀ ਕਰ ਗਏ।
2020 ‘ਚ 1.2 ਫੀਸਦੀ ਖੁਦਕੁਸ਼ੀਆਂ ਦੇ ਪਿੱਛੇ ਸਿਰਫ ਗਰੀਬੀ ਹੀ ਪ੍ਰਮੁੱਖ ਕਾਰਨ ਰਹੀ।
ਖੁਸ਼ਹਾਲ ਮੰਨੇਂ ਜਾਣ ਵਾਲੇ ਸੂਬੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਵਿੱਚੋਂ 2020 ਦੇ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਕਿਸਾਨਾਂ ਦੇ ਮੁਕਾਬਲੇ ਕਾਰੋਬਾਰੀਆਂ ਦੀ ਗਿਣਤੀ ਜ਼ਿਆਦਾ ਰਹੀ।
ਇਸਦਾ ਮੁੱਖ ਕਾਰਨ ਮਹਾਮਾਰੀ ਤੋਂ ਪੈਦਾ ਆਰਥਿਕ ਮੰਦੀ ਤੇ ਲਾਕਡਾਊਨ ਰਹੇ ਪਰ ਇਹ ਗੱਲ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਨੋਟਬੰਦੀ ਅਤੇ ਜੀ.ਐੱਸ. ਟੀ. ਤੋਂ ਉਪਜੀਆਂ ਖ਼ਾਮੀਆਂ ਵੀ ਇਨ੍ਹਾਂ ‘ਚ ਕਾਫੀ ਹੱਦ ਤੱਕ ਜ਼ਿੰਮੇਵਾਰ ਰਹੀਆਂ ਹਨ।
ਨਾਲ ਹੀ ਪੜ੍ਹੇ – ਲਿਖੇ ਹੋਣ ‘ਤੇ ਵੀ ਦੇਸ਼ ਵਿੱਚ ਰੋਜ਼ਗਾਰ ਨਾ ਮਿਲ ਸਕਣਾ ਸਭ ਤੋਂ ਵੱਢਾ ਕਾਰਣ ਹੈ। ਖਾਸ ਤੌਰ ਤੇ ਸਰਕਾਰੀ ਨੌਕਰੀਆਂ ਦੇ ਹਾਲਾਤ ਤਾਂ ਆਟੇ ‘ਚ ਲੂਣ ਦੇ ਬਰਾਬਰ ਹਨ। ਪਬਲਿਕ ਸੈਕਟਰ ਵਿਚ ਵੀ 10 ਫੀਸਦੀ ਕਮੀ ਆਈ।
ਸਿਰਫ ਐਲਾਨ, ਹੋਣਾ ਤਾਂ ਕੁੱਝ ਨਹੀਂ :
ਕਾਂਗਰਸ ਵਲੋਂ ਹਰ ਸਾਲ 1 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ।
‘ਆਪ’ ਨੇ ਪ੍ਰਵਾਸੀ ਨੋਜਵਾਨਾਂ ਨੂੰ ਸਾਲ ਦੇ ਮੱਧ ਕਾਲ ਵਿੱਚ ਹੀ ਢੁੱਕਵਾਂ ਮੌਕਾ ਦੇਣ ਦਾ ਵਾਅਦਾ ਕੀਤਾ ਹੈ।
ਸ਼੍ਰੋਅਦ ਨੇ 5 ਸਾਲਾਂ ਵਿਚ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਹੈ ਅਤੇ 50 ਫੀਸਦੀ ਥਾਵਾਂ ਔਰਤਾਂ ਦੇ ਲਈ ਰਾਖਵੀਆਂ ਰਹਿਣਗੀਆਂ।
ਐੱਨ.ਡੀ. ਏ. ਨੇ ਇਕ ਸਾਲ ਦੇ ਅੰਦਰ ਖਾਲੀ ਆਸਾਮੀਆਂ ਭਰਨ ਦਾ ਵਾਅਦਾ ਕੀਤਾ ਹੈ। ਸਿਆਸਤਦਾਨਾਂ ਦੀ ਕਹਿਣੀ ਤੇ ਕਰਨੀ ਤੇ ਸ਼ੱਕ ਹੋਣਾ ਸੁਭਾਵਕ ਹੈ।
ਘਰ – ਘਰ ਰੋਜ਼ਗਾਰ ਹੋਇਆ ਫੁੱਸ :
5 ਸਾਲ ਪਹਿਲਾਂ ਵੀ ਘਰ – ਘਰ ਰੋਜ਼ਗਾਰ ਪਹੁੰਚਾਉਣ ਦੀ ਗੱਲ ਹੋਈ ਸੀ ਪਰ ਇਕ ਸਰਵੇਖਣ ਰਿਪੋਰਟ ਦੱਸਦੀ ਹੈ ਕਿ ਮਾਰਚ 2016 ਨੂੰ ਪੰਜਾਬ ਵਿੱਚ ਬੇਰੋਜ਼ਗਾਰੀ ਦਰ 2.6 ਫੀਸਦੀ ਸੀ, ਅਪ੍ਰੈਲ ‘ਚ 1.8 ਫੀਸਦੀ, ਜੋ 5 ਸਾਲਾਂ ਦਰਮਿਆਨ ਸਭ ਤੋਂ ਹੇਠਲੇ ਪੱਧਰ ਤੇ ਰਹੀ। ਅਤੇ ਜਨਵਰੀ 2022 ਦੀ ਬੇਰੋਜ਼ਗਾਰੀ ਦਰ 9 ਫੀਸਦੀ ਤੇ ਪਹੁੰਚ ਗਈ।
ਕੇਂਦਰੀ ਸਰਵੇਖਣ ਅਨੁਸਾਰ ਸੂਬੇ ਵਿੱਚ ਬੇਰੋਜ਼ਗਾਰੀ ਦਰ 7.4 ਫੀਸਦੀ ਹੈ। ਪੰਜਾਬ ਵਿੱਚ ਹਾਇਰ ਸੈਕੰਡਰੀ ਪਾਸ ਬੇਰੋਜ਼ਗਾਰੀ ਦਰ 15.8 ਫੀਸਦੀ, ਡਿਪਲੋਮਾ ਸਰਟੀਫਿਕੇਟ ਹਾਸਲ ਕੀਤਿਆਂ ਦੀ 16.4 ਫੀਸਦੀ ਅਤੇ ਪੋਸਟਗ੍ਰੈਜੂਏਟ 14.1 ਫੀਸਦੀ ਹੈ।
ਸੈਂਟਰ ਫਾਰ ਰਿਸਰਚ ਇਨ ਰੂਰਲ ਇੰਡਸਟ੍ਰੀਅਲ ਡਿਵੈਲਪਮੈਂਟ ਦੀ ਰਿਪੋਰਟ (Central for research In Rural Industrial Development) :
ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ 22 ਲੱਖ ਨੌਜਵਾਨ ਬੇਰੋਜ਼ਗਾਰ ਹਨ। ਪੰਜਾਬ ਘਰ – ਘਰ ਰੋਜ਼ਗਾਰ ਪੋਰਟਲ ਤੇ ਸਰਕਾਰ ਅਧਿਕਾਰਤ ਰੋਜ਼ਗਾਰ ਦੀ ਨਿਰਧਾਰਿਤ ਗਿਣਤੀ 19464 ਦੱਸੀ ਗਈ ਹੈ ਜਿਸ ਵਿਚ 10,552 ਸਰਕਾਰੀ ਤੇ 8912 ਨਿੱਜੀ ਸੈਕਟਰ ਦੇ ਅਧੀਨ ਆਉਂਦੀ ਹੈ। 13,38,603 ਨੌਜਵਾਨ ਰੋਜ਼ਗਾਰ ਲਈ ਰਜਿਸਟਰਡ ਹਨ।
ਵਿਦੇਸ਼ਾਂ ਵਿਚ ਹਿਜਰਤ :
ਪੰਜਾਬ ਦੇ ਵਧੇਰੇ ਲੋਕ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ ਤਾਂ ਕਿ ਉਨ੍ਹਾਂ ਦੀ ਕਾਰਜ ਸਮਰਥਾ ਨੂੰ ਸਹੀ ਮੌਕਾ ਤੇ ਉਚਿਤ ਮਿਹਨਤਾਨਾ ਮਿਲ ਸਕੇ। ਹੁਣ ਤੱਕ ਲਗਭਗ 15 ਲੱਖ ਲੋਕ ਵਿਦੇਸ਼ ਲਈ ਹਿਜਰਤ ਕਰ ਚੁੱਕੇ ਹਨ।
ਕੇਂਦਰੀ ਵਿਸ਼ੇ ਦਾ ਰੂਪ :
2022 – 23 ਦੌਰਾਨ ਵਿਰੋਧੀ ਧਿਰ ਵੱਲੋਂ ਬੇਰੋਜ਼ਗਾਰੀ ਨੂੰ ਕੇਂਦਰੀ ਵਿਸ਼ੇ ਦੇ ਰੂਪ ਵਿਚ ਚੁੱਕਿਆ ਗਿਆ। ਕਾਂਗਰਸ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ ਦੀ ਸਾਰਥਿਕਤਾ ਅਤੇ ਮਕਸਦ ਤੇ ਨਿਸ਼ਾਨਾ ਲਾਇਆ।
ਬੇਰੋਜ਼ਗਾਰੀ ਨਾ ਸਿਰਫ ਖੁਦ ‘ਚ ਵੱਡੀ ਸਮੱਸਿਆ ਹੈ ਸਗੋਂ ਹੋਰ ਸਮੱਸਿਆਵਾਂ ਦੀ ਜਨਨੀ ਵੀ ਹੈ। ਢੁੱਕਵੇਂ ਰੋਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਤੇ ਨਿਰਾਸ਼ ਨੌਜਵਾਨਾਂ ‘ਚ ਮਨੋਵਿਕਾਰ ਬਣ ਕੇ ਉਭਰ ਰਹੇ ਹਨ ਜੋ ਕਿ ਦਿਮਾਗੀ ਅਸੰਤੁਲਨ ਤੇ ਖੁਦਕੁਸ਼ੀ ਵਿਚ ਵਾਧੇ ਦਾ ਇਕ ਵੱਡਾ ਕਾਰਨ ਹਨ। ਨਸ਼ੇ ਦੀ ਆਦਤ, ਚੋਰੀ ਆਦਿ ਜੁਰਮਾਂ ਦੇ ਪਿੱਛੇ ਬੇਰੋਜ਼ਗਾਰੀ ਮੁੱਖ ਕਾਰਨ ਹੈ।
ਮੌਕਿਆਂ ਦੀ ਘਾਟ :
ਸਾਡੇ ਨੌਜਵਾਨ ਹੁਨਰਮੰਦ, ਸਿਰਜਨਸ਼ੀਲ ਤੇ ਸਮਰੱਥ ਹਨ, ਘਾਟ ਹੈ ਤਾਂ ਸਿਰਫ ਮੌਕਿਆਂ ਦੀ, ਹੁਨਰਾਂ ਦਾ ਖੋਰਾ, ਹਿਜਰਤ ਜਾਂ ਅਪਰਾਧ ‘ਚ ਸ਼ਾਮਲ ਹੋਣਾ ਰਾਸ਼ਟਰੀ ਵਿਕਾਸ ਵਿਚ ਰੁਕਾਵਟ ਹ। ਲੋੜ ਹੈ ਕਿ ਐਲਾਨ ਪੱਤਰ ਜਾਰੀ ਕਰਨ ਵਾਲੀਆਂ ਪਾਰਟੀਆਂ ਲਗਨ ਨਾਲ ਸਮੱਸਿਆਵਾਂ ਤੇ ਪੜਚੋਲ ਕਰਨ ਤੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਮੁੱਦਿਆਂ ਨੂੰ ਉਚਿਤ ਢੰਗ ਨਾਲ ਲਾਗੂ ਕਰਨ ਲਈ ਪ੍ਰਤੀਬੱਧਤਾ ਦਰਸਾਉਣ।
Loading Likes...