ਸਾਨੂੰ ਆ ਮਿਲ ਯਾਰ ਪਿਆਰਿਆ
ਸਾਨੂੰ ਆ ਮਿਲ ਯਾਰ ਪਿਆਰਿਆ। ਟੇਕ।
ਦੂਰ ਦੂਰ ਅਸਾਥੋਂ ਗਿਉਂ, ਅਸਲਾਤੇ ਆ ਕੇ ਬਹਿ ਰਹਿਉਂ।
ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ।
ਕਦੇ ਸਮਝੇਂ ਵਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ।
ਮੂੰਹ ਬਾਹਰਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਦਰ ਖੁੱਲ੍ਹਾ ਹਸ਼ਰ – ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ।
ਡਰ ਹਾਵੀਏ ਦੋਜ਼ਖ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ੌਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ।
ਇਨਾਇਤ ਦਮ ਦਮ ਨਾਲ ਚਿਤਾਰਿਆ, ਸਾਨੂੰ ਆ ਮਿਲ…..।