ਸਾਡਾ ਸੱਭਿਆਚਾਰ ਅਤੇ ਸਾਡੇ ਸੰਸਕਾਰ
ਇਹ ਤਾਂ ਪੱਕਾ ਹੈ ਕਿ ਜਿਸ ਤਰ੍ਹਾਂ ਦਾ ਸੱਭਿਆਚਾਰ ਤੇ ਸੰਸਕਾਰ ਕਿਸੇ ਸਮਾਜ ਵਿਚ ਪ੍ਰਚੱਲਿਤ ਹੋਣਗੇ ਉਸੇ ਪੱਧਰ ਤੇ ਸਮਾਜ ਸੱਭਿਅਕ ਹੋਵੇਗਾ। ਹਰ ਵਿਅਕਤੀ ਦਾ ਆਧਾਰ ਸੱਭਿਆਚਾਰ ਤੇ ਉਸ ਦੇ ਸੰਸਕਾਰ ਹੁੰਦੇ ਹਨ, ਇਨ੍ਹਾਂ ਤੋਂ ਬੇਮੁਖ ਹੋਣਾ ਸਭ ਤੋਂ ਬੇਮੁਖ ਹੋਣਾ ਹੁੰਦਾ ਹੈ।
ਸਾਡਾ ਸੱਭਿਆਚਾਰ ਤੇ ਸੰਸਕਾਰ ਪੂਰੇ ਵਿਸ਼ਵ ਪੱਧਰੀ ਮੰਚ ਤੇ ਆਦਰਸ਼ ਸਥਾਨ ਤੇ ਰਹੇ ਹਨ। ਪਹਿਲਾਂ ਭਾਰਤੀ ਜੀਵਨਸ਼ੈਲੀ ਨੂੰ ਵਿਸ਼ਵ ‘ਚ ਸਭ ਤੋਂ ਉੱਤਮ ਅਤੇ ਸੱਭਿਅਕ ਮੰਨਿਆ ਜਾਂਦਾ ਰਿਹਾ ਹੈ ਪਰ ਸਮੇਂ ਦਾ ਚੱਕਰ ਤੇ ਸਾਡੇ ਤੇ ਵੀ ਪੱਛਮੀ ਦੇਸ਼ਾਂ ਦੇ ਪ੍ਰਭਾਵ ਨੇ ਕਈ ਸੱਭਿਆਚਾਰਾਂ ਦੇ ਸੰਸਕਾਰਾਂ ਨੂੰ ਤਿਤਰ ਬਿਤਰ ਕਰ ਦਿੱਤਾ ਹੈ।
ਸੱਭਿਆਚਾਰ ਤੇ ਸੰਸਕਾਰਾਂ ਨਾਲ ਜਿਉਣਾ ਪੱਛੜਾਪਨ :
ਮੌਜੂਦਾ ਸਮੇ ਦੀ ਗੱਲ ਕਰੀਏ ਤਾਂ ਵਿਅਕਤੀ ਦੀ ਆਮ ਜੀਵਨਸ਼ੈਲੀ ਵਿਚ ਬਹੁਤੇ ਲੋਕ ਸੱਭਿਆਚਾਰ ਤੇ ਸੰਸਕਾਰਾਂ ਨਾਲ ਜਿਉਣ ਨੂੰ ਪੱਛੜਾਪਨ ਮੰਨਦੇ ਹਨ। ਇੰਝ ਲੰਗਦਾ ਹੈ ਜਿਵੇੰ ਇਹ ਕੁਝ ਲੋਕਾਂ ਦਾ ਹੀ ਵਿਚਾਰਕ ਪੱਛੜਾਪਨ ਤਾਂ ਨਹੀਂ, ਜੋ ਆਪਣੇ ਹੀ ਸੱਭਿਆਚਾਰ ਦੇ ਨਾਲ ਜਿਉਣ ‘ਚ ਪੱਛੜਿਆ ਹੋਇਆ ਮਹਿਸੂਸ ਕਰਦੇ ਹਨ।
ਭਾਰਤ ਜਗਤ ਗੁਰੂ ਅਤੇ ਵਿਸ਼ਵ ਗੁਰੂ :
ਭਾਰਤ ਦੇ ਸੱਭਿਆਚਾਰ ਤੇ ਸੱਭਿਅਤਾ ਤੇ ਪੁਰਾਣੇ ਸਮੇਂ ਤੋਂ ਹਰੇਕ ਕੰਮ ਦੇ ਪਿੱਛੇ ਤਰਕ ਤੇ ਵਿਗਿਆਨਕ ਆਧਾਰ ਰਿਹਾ ਹੈ। ਸਾਡਾ ਸੱਭਿਆਚਾਰ ਇਕ ਅਜਿਹਾ ਸੱਭਿਆਚਾਰ ਸੀ ਜੋ ਪੂਰੇ ਵਿਸ਼ਵ ਨੂੰ ਜੀਵਨ ਮਾਰਗ ਤੇ ਚੱਲਣਾ ਸਿਖਾਉਂਦਾ ਸੀ। ਇਸੇ ਕਰਕੇ ਤਾਂ ਭਾਰਤ ਨੂੰ ‘ਜਗਤ ਗੁਰੂ’ ਤੇ ‘ਵਿਸ਼ਵ ਗੁਰੂ’ ਵਰਗੇ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਸੀ।
ਬਿਰਧ ਆਸ਼ਰਮ ਵਿਚ ਜ਼ਿੰਦਗੀ ਕੱਟਣ ਨੂੰ ਮਜਬੂਰ :
ਪਰ ਅੱਜ ਦੇ ਸਮੇ ਸਮਾਜ ਦਾ ਬਹੁਤਾ ਵਰਗ ਆਧੁਨਿਕਤਾ ਦੀ ਅੰਨ੍ਹੀ ਦੌੜ ਵਿਚ ਆਪਣੇ ਸੱਭਿਆਚਾਰ ਅਤੇ ਸੰਸਕਾਰਾਂ ਨੂੰ ਭੁਲਾ ਚੁੱਕਾ ਹੈ। ਲੋਕ ਮਾਤਾ – ਪਿਤਾ ਨੂ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਕੱਟਣ ਲਈ ਛੱਡ ਦਿੰਦੇ ਹਨ। ਜਿਹੜੇ ਮਾਤਾ – ਪਿਤਾ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣੀ ਜ਼ਿੰਦਗੀ ਦੁੱਖਾਂ ‘ਚ ਕੱਟੀ, ਅੱਜ ਉਨ੍ਹਾਂ ਨੂੰ ਘਰਾਂ ‘ਚੋਂ ਹੀ ਕੱਢਿਆ ਜਾ ਰਿਹਾ ਹੈ। ਉਹਨਾਂ ਦੀ ਕੋਈ ਬਾਤ ਪੁੱਛਣ ਵਾਲਾ ਵੀ ਨਹੀਂ ਹੁੰਦਾ। ਜਦੋਂ ਨਵੇਂ – ਨਵੇਂ ਬਿਰਧ ਆਸ਼ਰਮ ਵਿਚ ਜਾਂਦੇ ਨੇ ਤਾਂ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਸਮਝਦੇ ਨੇ ਅਤੇ ਇਕ ਦੂਜੇ ਨਾਲ ਗੱਲ ਕਰਨ ਪਸੰਦ ਵੀ ਨਹੀਂ ਕਰਦੇ। ਪਰ ਹੌਲੀ – ਹੌਲੀ ਉਹਨਾਂ ਨੂੰ ਵੀ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਸਾਰੇ ਇੱਕੋ ਜਿਹੇ ਹੀ ਹਾਂ।
ਸਨਮਾਨ ਵਾਲਾ ਕਿੱਸਾ ਹੀ ਖ਼ਤਮ :
ਹੁਣ ਧੀਆਂ ਨੂੰ ਡੋਲੀਆਂ ‘ਚ ਵਿਦਾ ਕਰਨ ਦਾ ਰਿਵਾਜ਼ ਖ਼ਤਮ ਹੋ ਗਿਆ ਹੈ। ਹੁਣ ਸਟੇਜ ਤੇ ਸਾਰੀਆਂ ਰਸਮਾਂ ਨਿਭਾਅ ਦਿੱਤੀਆਂ ਜਾਂਦੀਆਂ। ਨੌਜਵਾਨ ਨਸ਼ਿਆਂ ਨੂੰ ਹੀ ਖੇਡ ਸਮਝ ਬੈਠੇ ਹਨ। ਨੌਜਵਾਨ ਗੁਰੂਆਂ ਨੂੰ ਸਨਮਾਨ ਦੇਣ ਦੀ ਬਜਾਏ ਕਈ ਵਾਰ ਤਾਂ ਸਾਹਮਣੇ ਆਉਣ ਤੇ ਰਸਤਾ ਹੀ ਬਦਲ ਲੈਂਦੇ ਹਨ। ਹੁਣ ਗੁਰੂ – ਚੇਲੇ ਵਾਲੀ ਗੱਲ ਹੀ ਖ਼ਤਮ ਹੋ ਗਈ ਹੈ। ਗੁਰੂ ਮਾਤਾ ਦਾ ਵੀ ਦਰਜ਼ ਕਬਤਮ ਹੋ ਗਿਆ ਹੈ। ਕਈ ਵਾਰ ਚੇਲੇ ਆਪਣੀ ਗੁਰੂ ਮਾਤਾ ਨੂੰ ਹੀ ਵਿਆਹ ਲੈਂਦੇ ਨੇ ਅਤੇ ਗੁਰੂ ਆਪਣੇ ਚੇਲੇ ਨੂੰ ਵਿਆਹ ਲੈਂਦੇ ਨੇ। ਸਨਮਾਨ ਵਾਲਾ ਕਿੱਸਾ ਹੀ ਖ਼ਤਮ ਹੋ ਗਿਆ ਹੈ।
ਤਿਉਹਾਰਾਂ ਤੇ ਵਧਾਈ ਸਿਰਫ ਸੋਸ਼ਲ ਮੀਡੀਆ ਤੇ :
ਤਿਉਹਾਰਾਂ ਅਤੇ ਰੀਤੀ – ਰਿਵਾਜਾਂ ਨੂੰ ਭਾਈਚਾਰੇ ਅਤੇ ਮੇਲਮਿਲਾਪ ਦਾ ਸਾਧਨ ਸਮਝਿਆ ਜਾਂਦਾ ਸੀ ਅਤੇ ਅੱਜ ਦੇ ਸਮੇ ਉਨ੍ਹਾਂ ਤਿਉਹਾਰਾਂ ਦੇ ਸਮੇ ਸੋਸ਼ਲ ਮੀਡੀਆ ‘ਚ ਵਧਾਈ ਦੀਆਂ ਫੋਟੋਆਂ ਪਾ ਕੇ ਇਨ੍ਹਾਂ ਨੂੰ ਮਨਾ ਲਿਆ ਜਾਂਦਾ ਹੈ। ਤਿਉਹਾਰਾਂ ਦੇ ਮੌਕੇ ਤੇ ਜਿੱਥੇ ਲੋਕ ਮਿੱਠਾ ਸੰਗੀਤ ਸੁਣਦੇ ਸੀ ਸੱਭਿਆਚਾਰ ਦੀ ਪਛਾਣ ਦੇਖਣ ਨੂੰ ਮਿਲਦੀ ਸੀ ਹੁਣ ਦੇ ਸਮੇ ਮਿੱਠੇ ਸੰਗੀਤ ਦੀ ਜਗ੍ਹਾ ਡੀ. ਜੇ. ਨੇ ਲੈ ਲਈ ਹੈ।
ਅੱਜ ਦੀ ਸਿੱਖਿਆ ਬੇਕਾਰ :
ਹੁਣ ਚੰਗੀ ਤੋਂ ਚੰਗੀ ਸਿੱਖਿਆ ਹਾਸਲ ਕੀਤੇ ਲੋਕ ਹਨ ਪਰ ਸਿੱਖਿਆ ਕਿੰਨੀ ਵੀ ਹਾਸਲ ਕਰ ਲਈ ਜਾਵੇ ਉਹ ਸਿੱਖਿਆ ਜੇਕਰ ਤੁਹਾਡੇ ਵਿਵਹਾਰ ‘ਚ ਨਾ ਉਤਰੇ ਤਾਂ ਉਹ ਬੇਕਾਰ ਹੋ ਜਾਂਦੀ ਹੈ। ਲੋਕ ਪੜ੍ਹੇ – ਲਿਖੇ ਹੋਣ ਦਾ ਵੀ ਦਾਅਵਾ ਕਰਦੇ ਹਨ ਪਰ ਗੱਲ ਕਰਨ ਦੇ ਢੰਗ ਤੋਂ ਅਕਸਰ ਆਪਣੀ ਅਸਲੀਅਤ ਦਾ ਸਬੂਤ ਦੇ ਦਿੰਦੇ ਹਨ। ਜਾਂ ਇੰਝ ਕਹਿ ਸਕਦੇ ਹਾਂ ਕਿ ਆਪਣੀ ਔਕਾਤ ਦਿਖਾ ਹੀ ਜਾਂਦੇ ਹਨ।
ਮਿੱਤਰ ਸਿਰਫ ਮੋਬਾਈਲਾਂ ਤੱਕ ਹੀ :
ਅੱਜ ਆਧੁਨਿਕ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਇਹ ਆਧੁਨਿਕ ਅਤੇ ਸਮਾਰਟ ਵਿਅਕਤੀ ਨਹੀਂ ਸਗੋਂ ਇਨ੍ਹਾਂ ਦੇ ਮਹਿੰਗੇ ਸਮਾਰਟਫੋਨ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਜਾਪਦਾ ਹੈ ਉਹ ਵੀ ਇਨ੍ਹਾਂ ਮੋਬਾਈਲਾਂ ਵਾਂਗ ਸਮਾਰਟ ਹਨ ਪਰ ਇਹੀ ਸਭ ਤੋਂ ਵੱਡਾ ਭਰਮ ਹੈ। ਸਾਨੂੰ ਸਿਰਫ ਮੋਬਾਈਲ ਹੀ ਚਲਾਉਣਾ ਆਉਂਦਾ ਹੈ। ਸਮਾਜ ਵਿਚ ਵਿਚਰ ਕੇ ਆਪਣੇ ਆਪ ਨੂੰ ਸੰਤੁਲਨ ਰੱਖਣਾ ਨਹੀਂ ਆਉਂਦਾ। ਸਾਰਾ ਦਿਨ ਮੋਬਾਈਲ ਤੇ ਦੋਸਤ ਬਣਾਉਂਦੇ ਨਿਕੱਲ ਜਾਂਦੇ ਹਨ ਪਰ ਆਪਣੀ ਜ਼ਿੰਦਗੀ ਵਿਚ ਕੋਈ ਅਜਿਹਾ ਮਿੱਤਰ ਨਹੀਂ ਮਿਲਦਾ ਜਿਸ ਨਾਲ ਅਸੀਂ ਗੱਲ – ਬਾਤ ਕਰ ਸਕੀਏ, ਆਪਣੇ ਦੁੱਖ – ਸੁੱਖ ਸਾਂਝੇ ਕਰ ਸਕੀਏ, ਕਿਸੇ ਨੂੰ ਆਵਾਜ਼ ਮਾਰ ਸਕੀਏ। ਇਹ ਮੋਬਾਈਲਾਂ ਵਾਲੇ ਮਿੱਤਰ ਸਿਰਫ ਮੋਬਾਈਲਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਅੱਜ ਮਨੁੱਖ ਸੋਸ਼ਲ ਮੀਡੀਆ ਵਿਚ ਤਾਂ ਸੋਸ਼ਲ ਹੋਣਾ ਚਾਹੁੰਦਾ ਹੈ ਪਰ ਸਮਾਜਿਕ ਨਹੀਂ ਬਣਨਾ ਚਾਹੁੰਦਾ ਹੈ।
ਸਾਡਾ ਵੱਧ ਵਿਅਕਤੀਵਾਦੀ ਹੋਣਾ :
ਆਧੁਨਿਕਤਾਵਾਦੀ ਹੋਣ ਦਾ ਭੁਲੇਖਾ ਕੱਢ ਕੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣੇ ਸੱਭਿਆਚਾਰ ਤੇ ਸੱਭਿਅਤਾ ਨੂੰ ਜਾਣਨਾ ਚਾਹੀਦਾ ਹੈ। ਅਸੀਂ ਇੰਨਾ ਵੱਧ ਵਿਅਕਤੀਵਾਦੀ ਹੋ ਰਹੇ ਹਾਂ ਕਿ ਸਾਨੂੰ ਇਹ ਕੋਈ ਫਰਕ ਨਹੀਂ ਪੈਂਦਾ ਕਿ ਨਾਲ ਵਾਲੇ ਘਰ ਵਿਚ ਰਹਿ ਰਹੇ ਵਿਅਕਤੀ ਨੂੰ ਕੀ ਸਮੱਸਿਆ ਹੈ। ਅਸੀਂ ਕਦੇ ਇਹ ਜਾਨਣ ਦੀ ਕੋਸ਼ਿਸ ਵੀ ਨਹੀਂ ਕੀਤੀ ਕਿ ਉਸਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ। ਹੁਣ ਸਿਰਫ ਸੋਸ਼ਲ ਪਲੇਟਫਾਰਮਸ ਤੇ ਹੀ ਹੁਣ ਭਾਵਨਾਵਾਂ ਪ੍ਰਗਟ ਕਰਨ ਦਾ ਰਿਵਾਜ਼ ਰਹਿ ਗਿਆ ਹੈ।
ਅਭਿਆਚਾਰ ਨੂੰ ਬਚਾਉਣਾ ਹੈ ਤਾਂ :
ਆਧੁਨਿਕਤਾ ਦੀ ਇਸ ਅੰਨ੍ਹੀ ਹਨੇਰੀ ‘ਚ ਭਾਰਤੀ ਸਮਾਜ ਦੀਆਂ ਸੱਭਿਆਚਾਰਕ ਕਦਰਾਂ – ਕੀਮਤਾਂ ਦਾ ਖ਼ਤਮਾ ਹੋ ਚੁੱਕਾ ਹੈ, ਨੈਤਿਕਤਾ ਦੀ ਹੋਂਦ ਦੂਰ – ਦੂਰ ਤੱਕ ਕਿਤੇ ਵੀ ਪ੍ਰਤੀਤ ਨਹੀਂ ਹੁੰਦੀ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਭਿਆਚਾਰ ਕੁਝ ਬਚਿਆ ਰਹੇ ਤਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ। ਸਾਨੂੰ ਸਾਰਿਆਂ ਨਾਲ ਆਪਣਾ ਮੇਲ- ਮਿਲਾਪ ਵਧਾਉਣਾ ਪਵੇਗਾ, ਇਕ ਦੂਜੇ ਨਾਲ ਦੁੱਖ – ਸੁੱਖ ਸਾਂਝੇ ਕਰਨੇ ਪੈਣਗੇ, ਤਿਉਹਾਰਾਂ ਨੂੰ ਆਪਸੀ ਪਿਆਰ ਨਾਲ ਮਿਲ ਕੇ ਮਨਾਉਣਾ ਪਵੇਗਾ, ਇਕ ਦੂਜੇ ਦੀ ਬਾਂਹ ਫੜ ਕੇ ਇਸ ਸੰਸਾਰ ਵਿਚ ਵਿਚਰਨਾ ਪਵੇਗਾ।
Loading Likes...