ਇਕ ਲੋਰੀ ਦੇ ਜਾ ਆ ਕੇ
ਮਾਂ, ਏ ਮਾਂ
ਇਕ ਲੋਰੀ ਦੇ ਜਾ ਆ ਕੇ।
ਹੁਣ ਥੱਕਿਆ ਜੇਹਾ
ਲਗਦਾ ਮੈਂ
ਤੇਰੀ ਬੁੱਕਲ ਵਿੱਚ
ਸੌਣ ਨੂੰ ਦਿਲ ਕਰਦਾ
ਇਕ ਵਾਰੀ
ਸਿਰਫ ਇਕ ਵਾਰੀ
ਲੋਰੀ ਦੇ ਜਾ ਆ ਕੇ।
ਤੇਰੀ ਛਾਤੀ ਦਾ ਨਿੱਘ
ਮਹਿਸੂਸ ਕਰਨਾ ਚਾਹੁੰਦਾ ਮੈਂ
ਫਿਰ ਤੋਂ
ਹੱਥ ਫੇਰਨਾ ਪਿੱਠ ਤੇ ਤੇਰਾ
ਮਹਿਸੂਸ ਕਰਨਾ ਚਾਹੁੰਦਾ
ਫਿਰ ਤੋਂ
ਸਿਰਫ ਇਕ ਬਾਰ ਆ ਕੇ
ਛਾਤੀ ਨਾਲ ਲਾ ਲੈ
ਇਕ ਬਾਰ ਲੋਰੀ ਦੇ ਜਾ ਆ ਕੇ।
ਮਾਪੇ ਤਾਂ ਕਦੇ ਕੁਮਾਪੇ ਨਹੀਂ ਹੁੰਦੇ
ਪੁੱਤ ਭਾਵੇਂ ਕਪੁੱਤ ਹੋਣ, ਲੱਖ ਵਾਰੀ
ਇਹ ਗੱਲ ਪੱਕੀ ਕਰ ਜਾ ਆ ਕੇ
ਇਕ ਵਾਰ ਲੋਰੀ ਦੇ ਜਾ ਆ ਕੇ।
ਤੈਨੂੰ ਹਮੇਸ਼ਾ ਮਹਿਸੂਸ ਕੀਤਾ ਹੈ ਮੈਂ
ਆਪਣੇ ਸਾਹਾਂ ਵਿਚ
ਆਪਣੇ ਹਰ ਇਕ ਰਾਹਾਂ ਵਿਚ
ਤੇ ਤੂੰ ਹਮੇਸ਼ਾ ਹੱਲਾਸ਼ੇਰੀ ਦੇਂਦੀ ਏ ਮੈਨੂੰ
ਪਰ ਹੁਣ ਮੈਂ ਥੱਕ ਗਿਆ ਹਾਂ
ਜ਼ਿੰਦਗੀ ਤੋਂ ਅੱਕ ਗਿਆ ਹਾਂ
ਇੱਕ ਵਾਰ
ਸਿਰਫ ਇਕ ਵਾਰ
ਲੋਰੀ ਦੇ ਜਾ ਆ ਕੇ।
ਆਖਰੀ ਸਾਹਾਂ ਤੇ ਲਗਦਾ ‘ਅਲਫਾਜ਼’
ਪਹੁੰਚ ਗਿਆ ਹੁਣ
ਤੇ ਹੁਣ
ਸਦਾ ਲਈ ਆਰਾਮ ਕਰਨਾ ਚਾਹੁੰਦਾ
ਪਰ ਜਾਂਦੀ ਵਾਰੀ
ਇੱਕ ਵਾਰ
ਸਿਰਫ ਇੱਕ ਵਾਰ
ਲੋਰੀ ਦੇ ਜਾ ਆ ਕੇ।
ਆਪਣੀ ਬੁੱਕਲ ਦਾ ਨਿੱਘ ਦੇ ਜਾ ਆ ਕੇ
ਇਕ ਲੋਰੀ ਦੇ ਜਾ ਆ ਕੇ
ਮਾਂ ਇਕ ਲੋਰੀ ਦੇ ਜਾ ਆ ਕੇ।
Loading Likes...