ਪੰਜਾਬੀ ਵਿਆਕਰਣ

ਪੰਜਾਬੀ ਵਿਆਕਰਣ

ਆਪਣੀ ਪੰਜਾਬੀ ਦੀ ਜਮਾਤ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਪੰਜਾਬੀ ਭਾਸ਼ਾ ਨੂੰ ਥੋੜਾ ਹੋਰ ਵਿਸਤਾਰ ਨਾਲ ਜਾਣਦੇ ਹਾਂ ਅਤੇ ਵਿਸਤਾਰ ਨਾਲ ਪੰਜਾਬੀ ਵਿਆਕਰਣ ਦੀ ਗੱਲ ਕਰਾਂਗੇ।

ਲਿਪੀ :

ਵਰਨਾਂ (ਧੁਨੀਆਂ) ਨੂੰ ਜਦੋਂ ਕੋਈ ਖ਼ਾਸ ਲਿਖਤੀ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਉਹ ਲਿਪੀ ਬਣ ਜਾਂਦਾ ਹੈ।

ਭਾਵ ਵਰਨਾਂ ਨੂੰ ਚਿੰਨ੍ਹਾਂ ਵਿੱਚ ਅੰਕਿਤ ਕਰਨ ਦੇ ਵੱਖ – ਵੱਖ ਤੇ ਵਿਸ਼ੇਸ਼ ਢੰਗ ਨੂੰ ਲਿਪੀ ਕਿਹਾ ਜਾਂਦਾ ਹੈ।

ਕਿਸੇ ਭਾਸ਼ਾ ਦਾ ਲਿਖਣ ਪ੍ਰਬੰਧ ਅਰਥਾਤ ਲਿਖਣ ਢੰਗ ਲਿਪੀ ਹੁੰਦੀ ਹੈ। ਲਿਪੀ ਹੀ ਕਿਸੇ ਭਾਸ਼ਾ ਦੀ ਵਿਸ਼ੇਸ਼ ਪਛਾਣ ਬਣਦੀ ਹੈ। ਹਰ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਹੈ. ਜਿਵੇਂ…..

  • ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਓ ਅ ੲ ਸ ਹ
  • ਹਿੰਦੀ ਭਾਸ਼ਾ ਲਈ ਦੇਵਨਾਗਰੀ ਲਿਪੀ
  • ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਆਦਿ A. B. C. D

ਪੰਜਾਬੀ ਭਾਸ਼ਾ ਦੀ ਲਿਪੀ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ।

ਇਹ ਲਿਪੀ ਪੰਜਾਬੀ ਭਾਸ਼ਾ ਨੂੰ ਅੰਕਿਤ ਕਰਨ ਲਈ ਪੂਰਨ ਤੌਰ ਤੇ ਢੁੱਕਵੀਂ ਹੈ।

ਵਰਨਮਾਲਾ :

ਵਰਨਮਾਲਾ ਤੋਂ ਭਾਵ ਹੈ – ਵਰਨਾਂ ਦੀ ਮਾਲਾ।

ਵਰਨਾਂ ਜਾਂ ਅੱਖਰਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਵਿੱਚ ਲਿਖਣ ਦੀ ਕਲਾ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਹਰੇਕ ਬੋਲੀ ਦੀਆਂ ਆਪਣੀਆਂ ਧੁਨੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਅਲੱਗ – ਅਲੱਗ ਹੁੰਦੀ ਹੈ, ਜਿਵੇਂ

  • ਫ਼ਾਰਸੀ ਲਿਪੀ ਵਿੱਚ 30 ਧੁਨੀਆਂ ਹਨ।
  • ਦੇਵਨਾਗਰੀ ਵਿੱਚ 42,
  • ਸੰਸਕ੍ਰਿਤ ਵਿੱਚ 52,
  • ਅੰਗਰੇਜ਼ੀ ਵਿੱਚ 26 ਅਤੇ
  • ਪੰਜਾਬੀ ਵਿੱਚ 41 ਧੁਨੀਆਂ ਬਣਦੀਆਂ ਹਨ। ਨਵੀਨ ਧੁਨੀਆਂ ਵਿੱਚ ਸ਼, ਖ਼, ਗ਼, ਜ਼, ਫ਼ ਅਤੇ ਲ਼ ਹਨ।

ਗੁਰਮੁਖੀ ਲਿਪੀ ਦੀ ਇਸ ਵਰਨਮਾਲਾ ਨੂੰ ਨਿਮਨ ਅੱਠ ਵਰਗਾਂ ਵਿੱਚ ਵੰਡਿਆ ਗਿਆ ਹੈ :

1. ਮੁੱਖ ਵਰਗ ਓ ਅ ੲ ਸ ਹ

2. ਕਵਰਗ ਕ ਖ ਗ ਘ

3. ਚਵਰਗ ਚ ਛ ਜ ਝ

4. ਟਵਰਗ ਟ ਠ ਡ ਢ ਣ

5. ਤਵਰਗ ਤ ਥ ਦ ਧ ਨ

6 . ਪਵਰਗ ਪ ਫ ਬ ਭ ਮ

7. ਅੰਤਿਮ ਵਰਗ ਯ ਰ ਲ ਵ ੜ

8. ਨਵੀਨ ਵਰਗ ਸ਼ ਖ਼ ਗ਼ ਜ਼ ਫ਼ ਲ਼

ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਲਿਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ।

ਅਜੋਕੀ ਪੰਜਾਬੀ ਭਾਸ਼ਾ ਵਿੱਚ ਙ, ਞ, ਣ, ੜ ਅਤੇ ਲ਼ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ।

  • ਗੁਰਮੁਖੀ ਲਿਪੀ ਵਿੱਚ 10 ਲਗਾਂ ਅਤੇ 3 ਲਗਾਖਰ ਵੀ ਹੁੰਦੇ ਹਨ। ਇਹ ਗੁਰੂ ਸਾਹਿਬ ਦੀ ਦੇਣ ਹਨ।

ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ :

ਗੁਰਮੁਖੀ ਲਿਪੀ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ ਦੀ ਤਰਤੀਬ ਵਿਗਿਆਨਕ ਹੈ, ਜਿਵੇਂ—–

(ਓ )ਹਰ ਵਰਗ ਵਿੱਚ ਪੰਜ – ਪੰਜ ਵਰਨ ਹਨ।

(ਅ )ਇੱਕ ਵਰਗ ਦੇ ਸਾਰੇ ( ਪੰਜੇ) ਵਰਨ ਮੂੰਹ ਖੋਲ੍ਹ ਦੇ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਂਦੇ ਹਨ, ਜਿਵੇਂ ਕ ਵਰਗ ( ਕੰਠੀ), ਚ ਵਰਗ (ਤਾਲਵੀਂ ), ਟ ਵਰਗ (ਉਲਟੀ ਜੀਭੀ), ਤ ਵਰਗ (ਦੰਤੀ), ਪ ਵਰਗ (ਦੋ ਹੋਂਠੀ)

(ਏ) ਪੰਜਾਂ ਵਰਗਾ ਦੀ ਤਰਤੀਬ ਮੂੰਹ ਖੋਲ੍ਹ ਕੇ ਪਿਛਲੇ ਹਿੱਸੇ ਤੋਂ ਕ੍ਰਮਵਾਰ ਅੱਗੇ ਤੱਕ ਆਉਂਦੀ ਹੈ, ਜਿਵੇਂ ਸਭ ਤੋਂ ਪਿੱਛੇ ਕੰਠ ਹੈ, ਫਿਰ ਤਾਲੂ, ਫਿਰ ਜੀਭ, ਦੰਦ ਤੇ ਸਭ ਤੋਂ ਬਾਅਦ ਬੁੱਲ੍ਹ (ਕ੍ਰਮਵਾਰ ਕ, ਚ, ਟ, ਤ, ਪ ਵਰਗ ਹਨ।

(ਸ) ਨਾਸਕੀ ਧੁਨੀਆਂ ਙ, ਞ, ਣ, ਨ, ਮ ਹਰ ਵਰਗ ਦੇ ਅੰਤ ਵਿੱਚ ਹਨ।

(ਹ) ਨਵੀਨ ਵਰਗ (ਫ਼ਾਰਸੀ ਧੁਨੀਆਂ ਵਾਲਾ) ਨੂੰ ਸਭ ਤੋਂ ਅਖ਼ੀਰ ਵਿੱਚ ਰੱਖਿਆ ਗਿਆ ਹੈ।

ਪੰਜਾਬੀ ਸਿੱਖਣ/ ਪੜ੍ਹਨ ਲਈ CLICK ਕਰੋ… 

ਅੱਖਰ ਜਾਂ ਵਰਨ – ਵੰਡ :

ਗੁਰਮੁਖੀ ਲਿਪੀ ਵਿਚ 41 ਅੱਖਰ ਹਨ ਜਿਨ੍ਹਾਂ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ—–

1. ਸਵਰ

2. ਵਿਅੰਜਨ

1. ਸਵਰ–

ਇਹ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਮੂੰਹ ਵਿੱਚੋਂ ਸਾਹ ਬਿਨਾਂ ਕਿਸੇ ਰੋਕ – ਟੋਕ ਦੇ ਅਸਾਨੀ ਨਾਲ ਨਿਕਲ ਜਾਵੇ। ਪੰਜਾਬੀ ਵਿੱਚ ਮੂਲ ਸਵਰਾਂ ਦੀ ਗਿਣਤੀ ਤਿੰਨ ਹੈ, ਇਹ ਹਨ—-

ਓ ਅ ੲ

ਇਨ੍ਹਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ। ਇਨ੍ਹਾਂ ਤਿੰਨ ਮੂਲ ਸਵਰਾਂ ਨਾਲ ਨੌਂ ਲਗਾਂ – ਮਾਤਰਾਵਾਂ ਲਾਇਆਂ ਜਾਂਦੀਆਂ ਹਨ ਅਤੇ ‘ਅ’ ਮੁਕਤਾ ਵਾਸਤੇ ਕੋਈ ਲਗ ਨਹੀਂ ਵਰਤੀ ਜਾਂਦੀ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਸਵਰਾਂ ਦੀ ਗਿਣਤੀ 10 ਹੋ ਜਾਂਦੀ ਹੈ। ਹਰ ਸਵਰ ਨਾਲ ਮਾਤਰਾਵਾਂ ਨਿਸਚਿਤ ਕੀਤੀਆਂ ਗਈਆਂ ਹਨ ਜਿਵੇਂ——-

ਓ ਉ ਊ ਓ

ਅ ਅ ਆ ਐ ਔ

ਏ ਇ ਈ ਏ

ਲਘੂ ਸਵਰ :

ਲਘੂ ਸਵਰ —- ਜਿਨ੍ਹਾਂ ਸਵਰਾਂ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ ਲੱਗੇ ਉਨ੍ਹਾਂ ਨੂੰ ਲਘੂ / ਅਲਪ ਸਵਰ ਕਿਹਾ ਜਾਂਦਾ ਹੈ,

ਜਿਵੇਂ—- ਅ, ਇ, ਉ

ਦੀਰਘ ਸਵਰ :

ਜਿਨ੍ਹਾਂ ਸਵਰਾਂ ਦੇ ਉਚਾਰਨ ਵਿੱਚ ਵਧੇਰੇ ਸਮਾਂ ਲੱਗੇ ਉਨ੍ਹਾਂ ਨੂੰ ਦੀਰਘ ਸਵਰ ਕਿਹਾ ਜਾਂਦਾ ਹੈ,

ਜਿਵੇਂ— ਆ, ਈ, ਊ, ਏ, ਐ, ਓ, ਔ।

2. ਵਿਅੰਜਨ :

ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫਡ਼ਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਰੋਕ ਕੇ ਉਚਾਰਿਆ ਜਾਵੇ ਉਨ੍ਹਾਂ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਨੂੰ ਥੋੜ੍ਹੀ ਬਹੁਤ ਰੁਕਾਵਟ ਪਾਉਂਦੇ ਹਨ। ਜੀਭ ਕਦੇ ਤਾਲੂ ਨਾਲ, ਕਦੇ ਦੰਦਾਂ ਨਾਲ, ਕਦੇ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ ਜਾਂ ਕਈ ਵਾਰ ਕੋਈ ਧੁਨੀ ਉਚਾਰਨ ਵੇਲੇ ਦੋਵੇ ਬੁੱਲ੍ਹ ਮੀਟੇ ਜਾਂਦੇ ਹਨ ਜਾਂ ਅਵਾਜ਼ ਨੱਕ ਰਾਹੀਂ ਨਿਕਲੇ। ਇਹ ਵਿਅੰਜਨ ਅਖਵਾਉਂਦੇ ਹਨ। ਪੰਜਾਬੀ ਵਿੱਚ ‘ਸ’ ਤੋਂ ਲੈ ਕੇ ‘ੜ’ ਵਿਅੰਜਨ ਧੁਨੀਆਂ ਹਨ।

ਉਚਾਰਨ ਸਥਾਨ ਦੇ ਅਧਾਰ ਤੇ ਵਿਅੰਜਨਾਂ ਦੀ ਵੰਡ :

(ਓ) ਕੰਠੀ ਵਿਅੰਜਨ—-

ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ, ਕੰਠੀ ਵਿਅੰਜਨ ਹੁੰਦੇ ਹਨ, ਜਿਵੇਂ ‘ਕ’ ਵਰਗ ਵਿਚਲੇ ਵਰਨ—-

(ਕ) (ਖ) (ਗ) (ਘ) (ਙ)

(ਅ) ਤਾਲਵੀਂ ਵਿਅੰਜਨ——

ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਛੂਹੇ, ਤਾਲਵੀਂ ਵਿਅੰਜਨ ਹੁੰਦੇ ਹਨ, ਜਿਵੇਂ ‘ਚ’ ਵਰਗ ਵਿਚਲੇ ਵਰਨ——-

(ਚ) (ਛ) (ਜ) (ਝ) (ਞ)

(ਏ) ਉਲਟ ਜੀਭੀ ਵਿਅੰਜਨ——

ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਦੇ ਨਾਲ ਛੂਹੇ, ਉਲਟ ਜੀਭੀ ਵਿਅੰਜਨ ਹੁੰਦੇ ਹਨ। ਇਹ ਹਨ—

(ਟ) (ਠ) (ਡ) (ਢ) (ਣ)

(ਸ) ਦੰਤੀ ਵਿਅੰਜਨ—-

ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਬੋਲਿਆ ਜਾਵੇ, ਦੰਤੀ ਵਿਅੰਜਨ ਅਖਵਾਉਂਦੇ ਹਨ। ਇਹ ਹਨ—–

(ਤ) (ਥ) (ਦ) (ਧ) (ਨ)

(ਹ) ਦੋ ਹੋਂਠੀ ਵਿਅੰਜਨ——

ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਦੋਵੇ ਬੁੱਲ੍ਹ ਮੀਟੇ ਜਾਣ ਓਹੁ ਦੋ ਹੋਂਠੀ ਵਿਅੰਜਨ ਹੁੰਦੇ ਹਨ, ਜਿਵੇਂ ‘ਪ’ ਵਰਗ ਵਿਚਲੇ ਵਰਨ—

(ਪ) (ਫ) (ਬ) (ਭ) (ਮ)

(ਕ) ਨਾਸਕੀ ਵਿਅੰਜਨ——-

ਜਿਨ੍ਹਾਂ ਧੁਨੀਆਂ ਨੂੰ ਉਚਾਰਨ ਵੇਲੇ ਅਵਾਜ਼ ਨੱਕ ਰਾਹੀਂ ਹੋ ਕੇ ਨਿਕਲੇ ਨਾਸਕੀ ਜਾਂ ਅਨੁਨਾਸਕੀ ਵਿਅੰਜਨ ਅਖਵਾਉਂਦੇ ਹਨ। ਇਹ ਹਨ—

(ਙ) (ਞ) (ਣ) (ਨ) (ਮ)

(ਖ) ਅਰਧ ਸਵਰ ਵਿਅੰਜਨ—-

ਜਿਹੜੀਆਂ ਧੁਨੀਆਂ ਦਾ ਉਚਾਰਨ ਨਾ ਤਾਂ ਪੂਰੇ ਸਵਰਾਂ ਵਾਂਗ ਅਤੇ ਨਾ ਹੀ ਪੂਰੇ ਵਿਅੰਜਨ ਵਾਂਗ ਹੋਵੇ ਉਹ ਅਰਧ ਸਵਰ ਵਿਅੰਜਨ ਅਖਵਾਉਂਦੇ ਹਨ। ਇਹ ਹਨ—-

(ਯ) (ਰ)

ਸਾਹ ਦੇ ਅਧਾਰ ਤੇ ਵਿਅੰਜਨਾਂ ਦੀ ਵੰਡ :

(ਓ) ਅਲਪ ਪ੍ਰਾਣ ਵਿਅੰਜਨ :

ਜਿਹੜੇ ਵਿਅੰਜਨਾਂ ਦੇ ਉਚਾਰਨ ਵਿੱਚ ਥੋੜ੍ਹੀ ਮਾਤਰਾ ਵਿੱਚ ਸਾਹ ਬਾਹਰ ਨਿਕਲੇ ਉਹ ਅਲਪ ਪ੍ਰਾਣ ਵਿਅੰਜਨ ਹੁੰਦੇ ਹਨ। ਇਸ ਵਰਗ ਵਿੱਚ ਪਹਿਲੇ ਅਤੇ ਤੀਜੇ ਵਰਨ ਆਉਂਦੇ ਹਨ, ਜਿਵੇਂ—–

ਪਹਿਲੇ ਵਰਨ— ਕ ਚ ਟ ਤ ਪ

ਤੀਜੇ ਵਰਨ—- ਗ ਜ ਡ ਦ ਬ

(ਅ) ਮਹਾਂ ਪ੍ਰਾਣ ਵਿਅੰਜਨ :

ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲੇ, ਮਹਾਂ ਪ੍ਰਾਣ ਵਿਅੰਜਨ ਅਖਵਾਉਂਦੇ ਹਨ, ਇਹ ਹਨ—–

ਦੂਜੇ ਵਰਨ—– ਖ ਛ ਠ ਥ ਫ

ਚੌਥੇ ਵਰਨ ——- ਘ ਝ ਢ ਧ ਭ

Loading Likes...

Leave a Reply

Your email address will not be published. Required fields are marked *