ਪੰਜਾਬੀ ਅਖਾਣ – 8/ Punjabi Akhaan – 8
1. ਹਾਥੀ ਦੇ ਪੈਰ ਵਿੱਚ ਸਭ ਦਾ ਪੈਰ
(ਬਹੁਤ ਸਾਰੇ ਬੰਦਿਆਂ ਦਾ ਕੰਮ ਭੁਗਤਾ ਸਕਣ ਵਾਲਾ ਇੱਕੋ ਹੀ ਆਦਮੀ ) –
ਜਦੋਂ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਵਿਆਹ ਜਾਣ ਲਈ ਇਹ ਸਲਾਹ ਹੋਣ ਲੱਗੀ ਕਿ ਕੌਣ – ਕੌਣ ਜਾਏਗਾ ਤਾਂ ਨਰੇਸ਼ ਨੇ ਸਲਾਹ ਦਿੱਤੀ ਕਿ ਦਾਦਾ ਜੀ – ਦਾਦੀ ਜੀ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਹਾਥੀ ਦੇ ਪੈਰ ਵਿੱਚ ਸਭ ਦਾ ਪੈਰ।
2. ਹੱਥ ਕੰਗਣ ਨੂੰ ਆਰਸੀ ਕੀ
(ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ) –
ਜਦੋਂ ਤੁਹਾਡੀ ਕੁਡ਼ੀ ਦੀ ਫੋਟੋ ਹੀ ਮੈਗਜ਼ੀਨ ਵਿੱਚ ਛੱਪ ਗਈ ਹੈ, ਕਿ ਉਹ ਪੰਜਾਬ ਵਿੱਚ ਪ੍ਰਥਮ ਰਹੀ ਹੈ ਤਾਂ ਫਿਰ ਗਜ਼ਟ ਦੇਖਣ ਦੀ ਕੀ ਲੋੜ ਹੈ? ਆਖੇ ਹੱਥ ਕੰਗਣ ਨੂੰ ਆਰਸੀ ਕੀ।
3. ਹਾਥੀ ਲੰਘ ਗਿਆ ਪੂਛ ਰਹਿ ਗਈ
(ਕੰਮ ਦਾ ਵੱਡਾ ਹਿੱਸਾ ਹੋ ਗਿਆ ਹੋਵੇ ਤੇ ਛੋਟਾ ਹਿੱਸਾ ਬਾਕੀ ਰਹਿ ਗਿਆ ਹੋਵੇ ਤਾਂ ਇਹ ਅਖਾਣ ਵਰਤਦੇ ਹਨ) –
ਜਸਵਿੰਦਰ ਡਾਕਟਰੀ ਦੇ ਆਖਰੀ ਸਾਲ ਵਿੱਚ ਹੈ। ਕੁਝ ਰਸਮੀ ਕਾਰਵਾਈ ਹੀ ਬਾਕੀ ਹੈ। ਮੈਂ ਪੁੱਛਿਆ, ਕਦੋਂ ਡਾਕਟਰ ਬਣੇਂਗੀ? ਕਹਿਣ ਲੱਗੀ ‘ਹਾਥੀ ਲੰਘ ਗਿਆ ਪੂਛ ਰਹਿ ਗਈ।
4. ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ
(ਕਥਨੀ ਤੇ ਕਰਨੀ ਵਿੱਚ ਮੇਲ ਨਾ ਹੋਣਾ ) –
ਨਰੇਸ਼ ਕਿਸੇ ਨੂੰ ਇਮਾਨਦਾਰੀ ਦਾ ਸਬਕ ਦਿੰਦਾ ਹੈ ਪਰ ਜਦੋਂ ਆਪ ਉਸਨੂੰ ਰਿਸ਼ਵਤ ਦੇ ਕੇ ਕੰਮ ਕਰਾਉਂਦਾ ਵੇਖ ਲਿਆ ਤਾਂ ਸਾਰੇ ਕਹਿ ਰਹੇ ਸਨ, ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ।
👉ਹੋਰ ਵੀ ਪੰਜਾਬੀ ਅਖਾਣ / Punjabi Akhaan ਪੜ੍ਹਨ ਲਈ Click ਕਰੋ।👈
5. ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੇ ਦੌੜੀ
(ਜਦੋਂ ਮਾੜਾ ਚੰਗੇ ਦੀ ਰੀਸ ਕਰਕੇ ਵੀ ਉੱਥੋਂ ਤੱਕ ਨਾ ਪਹੁੰਚ ਸਕੇ) –
ਜਸਵਿੰਦਰ ਨੂੰ ਨਰੇਸ਼ ਨਾਲ ਘੁਲਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ। ਨਰੇਸ਼ ਸਟੈਟ ਚੈਂਪੀਅਨ ਹੈ ਤੇ ਜਸਵਿੰਦਰ ਪਿੰਡ ਵਿੱਚ ਘੁਲਣ ਵਾਲਾ। ਸਿਆਣੇ ਐਂਵੇ ਨਹੀਂ ਕਹਿੰਦੇ, ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੇ ਦੌੜੀ।
6. ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ- ਪੀ ਆਫਰਿਆ
(ਕਿਸੇ ਚੀਜ਼ ਦੀ ਮੂਰਖਤਾ ਨਾਲ ਲੋੜੋਂ ਵੱਧ ਵਰਤੋਂ ਕਰਨੀ ) –
ਰਿਸ਼ਭ ਨੂੰ ਜੱਦ ਦਾ ਮੋਬਾਇਲ ਮਿਲ ਗਿਆ ਹੈ ਬਿਨਾਂ ਵਜ੍ਹਾ ਸਭ ਨੂੰ ਫ਼ੋਨ ਕਰੀ ਜਾਂਦਾ ਹੈ ਪਰ ਰੋਟੀ ਤੋਂ ਤੰਗ ਹੈ। ਉਸ ਦੀ ਹਾਲਤ ਉਹੀ ਹੈ ‘ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ – ਪੀ ਆਫਰਿਆ।
7. ਹਾਂਡੀ ਉਬਲੂ ਤਾਂ ਆਪਣੇ ਕੰਢੇ ਸਾੜੂ
(ਅੰਦਰੋ – ਅੰਦਰ ਸੜਨ ਵਾਲਾ ਆਪਣਾ ਨੁਕਸਾਨ ਕਰਦਾ ਹੈ) –
ਜੱਸੀ ਤਾਂ ਐਵੇ ਹੀ ਛੋਟੀ – ਛੋਟੀ ਗੱਲ ਤੇ ਖਿੱਝਦੀ ਰਹਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਕਿਸੇ ਦਾ ਕੀ ਜਾਂਦਾ ਹੈ? ਅਖੇ ‘ਹਾਂਡੀ ਉਬਲੂ ਤਾਂ ਆਪਣੇ ਕੰਢੇ ਸਾੜੂ।
8. ਹੱਥਾਂ ਦੀਆਂ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ
(ਮਾੜੀਆਂ ਕਰਤੂਤਾਂ ਦਾ ਫ਼ਲ ਮਾੜਾ ਹੁੰਦਾ ਹੈ) –
ਮਾਂ – ਬਾਪ ਰੋ – ਰੋ ਕੇ ਬਿੰਦਰ ਨੂੰ ਕਹਿੰਦੇ ਰਹੇ ਕਿ ਸਮੈਕ ਵੇਚਣਾ ਛੱਡ ਦੇ ਪਰ ਬਿੰਦਰ ਨਹੀਂ ਸੁਧਰਿਆ। ਹੁਣ ਜੇਲ੍ਹ ਵਿਚ ਰੋਂਦਾ ਚੁੱਪ ਨਹੀਂ ਕਰਦਾ। ਸਿਆਣਿਆਂ ਨੇ ਠੀਕ ਕਿਹਾ ਹੈ, ਹੱਥਾਂ ਦੀਆਂ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ।
9. ਹੱਥੀ ਕੜੇ ਤੇ ਢਿੱਡ ਭੁੱਖ ਨਾਲ ਸੜੇ
(ਉਸ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਆਪਣੀ ਪਹੁੰਚ ਤੋਂ ਬਾਹਰ ਕੰਮ ਕਰੇ) –
ਸਰਦਾਰੇ – ਬਈ ਨਰੇਸ਼ ਨੇ ਆਪਣੀ ਧੀ ਦਾ ਵਿਆਹ ਰਾਜਿਆਂ ਵਾਂਗ ਕੀਤਾ ਹੈ।
ਜਸਵਿੰਦਰ – ਅਖੇ ਜੀ ਹੱਥੀ ਕੜੇ ਤੇ ਢਿੱਡ ਭੁੱਖ ਨਾਲ ਸੜੇ। ਇਹ ਤਾਂ ਉਦੋਂ ਪਤਾ ਲੱਗੂ ਜਦੋਂ ਹਰ ਮਹੀਨੇ 2 ਲੱਖ ਦਾ ਵਿਆਜ ਭਰਿਆ ਕਰੂਗਾ।
ਪੰਜਾਬੀ ਦੀ ਕਿਤਾਬ ਖਰੀਦਣ ਲਈ 👉ਇੱਥੇ👈 ਜਾਓ।
Loading Likes...