ਪੰਜਾਬੀ ਅਖਾਣ – 6/ Punjabi Akhaan -6
1. ਸੌ ਸੁਨਿਆਰ ਦੀ ਇੱਕ ਲੁਹਾਰ ਦੀ
(ਜ਼ੋਰ ਦਾ ਇੱਕ ਹੱਥ ਹੀ ਬਥੇਰਾ ਹੁੰਦਾ ਹੈ ) –
ਮੇਰਾ ਗੁਆਂਢੀ ਮੈਨੂੰ ਹਰ ਰੋਜ ਤੰਗ ਕਰਦਾ ਸੀ। ਮੈਂ ਇੱਕ ਦਿਨ ਪੁਲਿਸ ਨੂੰ ਬੁਲਾ ਕੇ ਉਸ ਦੀ ਅਜਿਹੀ ਖੁੰਬ ਠੱਪੀ ਕਿ ਅੱਖ ‘ਚ ਪਾਏ ਨਹੀਂ ਰੜਕਦਾ। ਅਜਿਹੀਆਂ ਲਈ ਤਾਂ ਹੀ ਕਹਿੰਦੇ ਹਨ, “ਸੌ ਸੁਨਿਆਰ ਦੀ ਇੱਕ ਲੁਹਾਰ ਦੀ।
2. ਸਸਤਾ ਰੋਵੇ ਵਾਰ – ਵਾਰ ਮਹਿੰਗਾ ਰੋਵੇ ਇੱਕ ਵਾਰ
( ਇਹ ਅਖਾਣ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਚੰਗੀ ਚੀਜ਼ ਦੇ ਮਹਿੰਗੀ ਹੋਣ ਦੀ ਤਕਲੀਫ ਇੱਕ ਵਾਰੀ ਹੁੰਦੀ ਹੈ) –
ਮੈਂ ਇੱਕ ਘੜੀ ਲੈ ਕੇ ਆਈ 200 ਰੁਪਏ ਦੀ ਪਰ ਉਹ ਥੋੜ੍ਹੇ ਦਿਨ ਬਾਅਦ ਹੀ ਖ਼ਰਾਬ ਹੋ ਗਈ। ਮੇਰਾ ਦੋਸਤ ਵੀ ਘੜੀ ਲੈ ਕੇ ਆਇਆ ਉਹ 500 ਰੁਪਏ ਦੀ ਸੀ। ਉਸ ਦੀ ਘੜੀ ਠੀਕ ਚੱਲ ਰਹੀ ਸੀ। ਇਸ ਲਈ ਮਾਂ ਨੇ ਕਿਹਾ ‘ਸਸਤਾ ਰੋਵੇ ਵਾਰ – ਵਾਰ ਮਹਿੰਗਾ ਰੋਵੇ ਇੱਕ ਵਾਰ।
3. ਸੋਈ ਰਾਣੀ, ਜੋ ਖਸਮੇ ਭਾਣੀ
( ਉਹੀ ਚੰਗਾ ਜਿਸ ਨੂੰ ਮਾਲਕ ਪਸੰਦ ਕਰੇ) –
ਭਾਵੇਂ ਤੂੰ ਹਿਨਾ ਨੂੰ ਕੰਮ ਚੋਰ ਕਹਿ ਪਰ ਲੰਬੜਦਾਰ ਨੂੰ ਹਿਨਾ ਦਾ ਕੰਮ ਹੀ ਪਸੰਦ ਹੈ। ਠੀਕ ਕਹਿੰਦੇ ਹਨ, ਸੋਈ ਰਾਣੀ, ਜੋ ਖਸਮੇ ਭਾਣੀ।
4. ਸਰਫ਼ਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ
(ਸਰਫ਼ਾ ਕਰਦਿਆਂ ਹੋਰ ਵਧੇਰੇ ਨੁਕਸਾਨ ਕਰਵਾ ਲੈਣਾ) –
ਨਰੇਸ਼ ਬੜਾ ਹੀ ਕੰਜੂਸ ਸੀ। ਉਸਦੇ ਮਿਹਨਤ ਕਰ ਕੇ ਪੈਸਾ ਕਮਾਇਆ, ਪਰ ਉਸ ਦੇ ਪੁੱਤਰ ਨੇ ਜਵਾਨ ਹੁੰਦਿਆਂ ਹੀ ਸਭ ਕੁਝ ਉਡਾ ਦਿੱਤਾ, ਉਸ ਕੋਲ ਕੁਝ ਵੀ ਨਾ ਰਿਹਾ। ਇਸ ਲਈ ਤਾਂ ਆਖਿਆਂ ਗਿਆ ਹੈ, ਸਰਫ਼ਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ।
5. ਸਾਈਆਂ ਕਿਤੇ ਵਧਾਈਆਂ ਕਿਤੇ
(ਲਾਰਾ ਕਿਸੇ ਹੋਰ ਨੂੰ ਲਗਾਉਣਾ ਤੇ ਲਾਭ ਕਿਸੇ ਹੋਰ ਨੂੰ ਪਹੁੰਚਾਣਾ) –
ਜਸਵਿੰਦਰ ਉੱਤੇ ਬਹੁਤਾ ਵਿਸ਼ਵਾਸ਼ ਨਾ ਕਰਿਆਂ ਕਰੋ, ਉਹ ਤੇਰੀ ਮਦਦ ਨਹੀਂ ਕਰੇਗੀ, ਉਸ ਚਲਾਕ ਦਾ ਕੀ ਪਤਾ ਉਸ ਦੀਆਂ ਤਾਂ ਸਾਈਆਂ ਕਿਤੇ ਵਧਾਈਆਂ ਕਿਤੇ ਹੁੰਦੀਆਂ ਹਨ।
6. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ
(ਜਦੋਂ ਕੋਈ ਮੱਲੋ – ਮੱਲੀ ਦੂਜਿਆਂ ਦੇ ਮਾਮਲੇ ਵਿੱਚ ਦਖ਼ਲ ਦੇਵੇ ਤਾਂ ਇਹ ਅਖਾਣ ਵਰਤਦੇ ਹਨ) –
ਨਰੇਸ਼ ਅਤੇ ਜਸਵਿੰਦਰ ਆਪਣੇ ਕਿਸੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ ਲਾਡੀ ਵਿੱਚ ਜਾ ਬੈਠਾ ਅਤੇ ਲੱਗਿਆ ਆਪਣੀਆਂ ਸਲਾਹਾਂ ਦੇਣ। ਤਦ ਨਰੇਸ਼ ਨੇ ਖਿੱਝ ਕੇ ਕਿਹਾ ਲਾਡੀ ਨੂੰ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।
Loading Likes...