ਮਹਾਮਾਰੀ ਅਤੇ ਬੱਚਿਆਂ ਦੀ ਸਿੱਖਿਆ
ਭਾਵੇਂ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਪਰ ਅਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਇਸਦਾ ਖ਼ਾਤਮਾ ਹੋ ਗਿਆ ਹੈ। ਕਈ ਦੇਸ਼ਾਂ ਵਿੱਚ ਲੱਗਭਗ ਸਾਰੀ ਆਬਾਦੀ ਦਾ ਹੀ ਟੀਕਾਕਰਨ ਹੋ ਗਿਆ ਹੈ ਪਰ ਅਜੇ ਵੀ ਮਹਾਮਾਰੀ ਦੇ ਇਨਫੈਕਸ਼ਨ ਤੋਂ ਬਚਣਾ ਹੀ ਬੇਹਤਰ ਹੈ ਨਹੀਂ ਤਾਂ ਤੀਜੀ ਲਹਿਰ ਦਾ ਸਮਾਂ ਤਾਂ ਚੱਲ ਹੀ ਰਿਹਾ ਹੈ।
ਕੋਵਿਡ ਦਾ ਪੂਰੇ ਦੇਸ਼ ਵਿੱਚ ਬਹੁਤ ਹੀ ਮਾੜਾ ਅਸਰ ਹੋਇਆ ਹੈ ਅਤੇ ਜੋ ਦੇਸ਼ ਨੂੰ ਨੁਕਸਾਨ ਝੱਲਣਾ ਪਿਆ ਹੈ ਉਸ ਨੂੰ ਬਰਾਬਰ ਕਰਨ ਵਾਸਤੇ ਅਜੇ ਕਾਫੀ ਸਮਾਂ ਲੱਗ ਜਾਵੇਗਾ।
ਬੱਚਿਆਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋਇਆ ਹੈ ਉਸਦਾ ਮਾੜਾ ਅਸਰ ਤਾਂ ਹੋਵੇਗਾ ਹੀ। ਕਈਆਂ ਕੋਲ ਉਹ ਸਾਰੀਆਂ ਸਹੂਲਤਾਂ ਨਹੀਂ ਹਨ ਜਿਨ੍ਹਾਂ ਨਾਲ ਕਿ ਆਨਲਾਈਨ ਕਲਾਸ ਵੀ ਲਗਾਈ ਜਾ ਸਕੇ ਤੇ ਇਸੇ ਕਰਕੇ ਬਹੁਤ ਘੱਟ ਬੱਚਿਆਂ ਦੀਆਂ ਕਲਾਸਾਂ ਲੱਗੀਆਂ। ਸ਼ਹਿਰਾਂ ਵਿੱਚ ਲੱਗਭਗ 24 ਫੀਸਦੀ ਬੱਚਿਆਂ ਨੇ ਹੀ ਰੈਗੂਲਰ ਕਲਾਸਾਂ ਲਗਾਈਆਂ ਨੇ ਤੇ ਪਿੰਡਾਂ ਵਿੱਚ ਤਾਂ ਇਸ ਤੋਂ ਵੀ ਘੱਟ ਬੱਚਿਆਂ ਨੇ।
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬੱਚੇ ਪੜ੍ਹਦੇ ਸੀ ਤੇ ਜੋ ਨਹੀਂ ਪੜ੍ਹਦੇ ਸੀ ਦੋਨਾਂ ਨੂੰ ਹੀ ਅਗਲੀ ਜਮਾਤ ਵਿੱਚ ਕਰ ਦਿੱਤਾ ਗਿਆ, ਜੋ ਕਿ ਬੱਚਿਆਂ ਲਈ ਅਗਲੀ ਜਮਾਤ ਵਿੱਚ ਕਾਫੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਹੁਣ ਸਰਕਾਰ ਦੀ ਜ਼ਿੱਮੇਵਾਰੀ ਬਣਦੀ ਹੈ ਕਿ ਉਹ ਦੇਖੇ ਕਿ ਜੋ ਸਿੱਖਿਆ ਦਾ ਪੱਧਰ ਐਂਨਾ ਪਿੱਛੇ ਚਲਾ ਗਿਆ ਹੈ ਉਸ ਨੂੰ ਕਿਵੇਂ ਲੀਹ ਤੇ ਲੈ ਕੇ ਆਉਣਾ ਹੈ। ਜੇ ਕਿਤੇ ਕੁੱਝ ਮੈਂਬਰੀ ਕਮੇਟੀ ਵੀ ਬਣਾਉਣੀ ਪਵੇ ਤਾਂ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ।