ਜਾਤਪਾਤ ਦਾ ਬੀਜ ਨਾਸ਼/ Annihilation of Caste
ਅੱਜ ਅਸੀਂ ਗੱਲ ਕਰਨਗੇ ਡਾ. ਬਾਬਾ ਸਾਹਿਬ ਅੰਬੇਡਕਰ ਜੀ ਦੀ ਜਗਤ ਪ੍ਰਸਿੱਧ ਪੁਸਤਕ ਜਾਤਪਾਤ ਦਾ ਬੀਜ ਨਾਸ਼/ Annihilation of Caste
ਤੇ। ਕਿਤਾਬ ਵਿੱਚ ਬਾਬਾ ਸਾਹਿਬ ਕਹਿੰਦੇ ਹਨ ਕਿ ਹਿੰਦੂ, ਵਿਧਵਾ ਵਿਆਹ ਕਰਨ ਅਤੇ ਬਾਲ – ਵਿਆਹ ਆਦਿ ਰੋਕਣ ਨੂੰ ਹੀ ਸਮਾਜ ਸੁਧਾਰ ਸਮਝੀ ਬੈਠੇ ਹਨ ਜਦੋਂ ਕਿ ਜਾਤਪਾਤ ਵਰਗੇ ਅਹਿਮ ਮੁੱਦੇ ਬਾਰੇ ਉਹ ਬਿਲਕੁਲ ਵੀ ਗੰਭੀਰ ਨਹੀਂ। ਭਾਰਤ ਅਤੇ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਪਹਿਲਾਂ ਧਾਰਮਿਕ ਅਤੇ ਸਮਾਜਿਕ ਲਹਿਰਾਂ ਚੱਲੀਆਂ, ਬਾਅਦ ਵਿੱਚ ਹੀ ਰਾਜਨੀਤਕ ਕ੍ਰਾਂਤੀਆ ਲਈ ਰਾਹ ਪੱਧਰਾ ਹੋਇਆ। ਜਾਤਪਾਤ, ਕੰਮਾਂਕਾਰਾਂ ਦੀ ਹੀ ਵੰਡ ਨਹੀਂ ਅਸਲ ਵਿੱਚ ਇਹ ਕੰਮਕਾਰ ਕਰਨ ਵਾਲਿਆਂ ਭਾਵ ਮਜ਼ਦੂਰਾਂ ਦੀ ਵੰਡ ਹੈ। ਹਿੰਦੂਆਂ ਦਾ ਭਲਾ ਏਸੇ ਵਿੱਚ ਹੈ ਕਿ ਉਹ ਆਪਣੇ ਵਿੱਚੋਂ ਜਾਤਪਾਤ ਖਤਮ ਕਰਨ ਅਤੇ ਲੋਕਤੰਤਰੀ ਅਸੂਲਾਂ ਅਨੁਸਾਰ ਆਜ਼ਾਦੀ, ਬਰਾਬਰੀ, ਭਾਈਚਾਰੇ ਉੱਤੇ ਆਧਾਰਤ ਸਮਾਜ ਦੀ ਸਥਾਪਨਾ ਕਰਨ। ਵੇਦਾਂ ਸ਼ਾਸ਼ਤਰਾਂ ਵਿੱਚ ਵਿਸ਼ਵਾਸ ਕਰਨਾ, ਇਨ੍ਹਾਂ ਨੂੰ ਗਲਤੀ ਦੀ ਸੰਭਾਵਨਾ ਤੋਂ ਉੱਪਰ ਮੰਨਣਾ, ਜਾਤਪਾਤ ਦੀ ਅਸਲ ਜੜ੍ਹ ਹੈ। ਇਸੇ ਲਈ ਬਾਬਾ ਸਾਹਿਬ ਸਲਾਹ ਦਿੰਦੇ ਹਨ, ਹਰ ਮਰਦ ਔਰਤ ਨੂੰ ਸ਼ਾਸਤਰਾਂ ਦੀ ਗੁਲਾਮੀ ਤੋਂ ਮੁਕਤ ਕਰ ਦਿਓ। ਸ਼ਾਸਤਰਾਂ ਉੱਤੇ ਆਧਾਰਤ ਘਾਤਕ ਵਿਚਾਰਾਂ ਨੂੰ ਉਨ੍ਹਾਂ ਦੇ ਦਿਲ ਦਿਮਾਗ਼ ਵਿੱਚੋਂ ਕੱਢ ਦਿਓ, ਅੰਤਰਜਾਤੀ ਭੋਜਨ, ਅੰਤਰਜਾਤੀ ਵਿਆਹ ਹੋਣ ਲੱਗਣਗੇ, ਜਾਤਪਾਤ ਦਾ ਤਿੱਖਾਪਨ ਘਟ ਜਾਵੇਗਾ।
1944 ਵਿੱਚ ਛਪੀ ਕਿਤਾਬ ਦੀ ਤੀਜੀ ਐਡੀਸ਼ਨ ਵਿੱਚ ਗਾਂਧੀ ਦੁਆਰਾ ਉਠਾਏ ਗਏ ਸ਼ੰਕਿਆਂ ਨੂੰ ਵੀ ਨਵਿਰਤ ਕੀਤਾ ਗਿਆ ਹੈ। ਟਾਈਟਲ ਉੱਤੇ ਹੀ ਬੁੱਧ ਬਾਣੀ ਹੈ, ਸੱਚ ਨੂੰ ਸੱਚ ਕਰਕੇ ਜਾਣੋ, ਝੂਠ ਨੂੰ ਝੂਠ ਕਰਕੇ ਜਾਣੋ। ਨਾਲ ਹੀ ਪ੍ਰਸਿੱਧ ਵਿਦਵਾਨ ਐਚ ਡਰੁਮੌਡ ਦੀ ਇਹ ਟਿੱਪਣੀ ਹੈ, ਜੋ ਤਰਕ ਨਹੀਂ ਕਰਦਾ, ਕੱਟੜ ਹੈ ਤੁਅਸਬੀ ਹੈ, ਜੋ ਤਰਕ (ਦਲੀਲ ਬਹਿਸ) ਨਹੀਂ ਕਰ ਸਕਦਾ, ਮੂਰਖ ਹੈ, ਜੋ ਤਰਕ ਕਰਨ ਦੀ ਜੁਅਰਤ ਨਹੀਂ ਕਰਦਾ, ਗੁਲਾਮ ਹੈ।
ਕਿਤਾਬ ਦੀ ਦੂਜੀ ਐਡੀਸ਼ਨ ਦੇ ਸ਼ੁਰੂ ਵਿੱਚ ਬਾਬਾ ਸਾਹਿਬ ਲਿਖਦੇ ਹਨ, ਲਾਹੌਰ ਦੇ ‘ਜਾਤ ਪਾਤ ਤੋੜਕ ਮੰਡਲ’ ਲਈ ਤਿਆਰ ਕੀਤੇ ਮੇਰੇ ਲਿਖਤੀ ਭਾਸ਼ਣ ਦਾ ਹਿੰਦੂਆਂ ਨੇ ਜ਼ੋਰਦਾਰ ਨੋਟਿਸ ਲਿਆ। ਅੰਗਰੇਜ਼ੀ ਵਿੱਚ ਛਪੀਆਂ 1500 ਕਾਪੀਆਂ ਦੋ ਮਹੀਨਿਆਂ ਦੇ ਵਿੱਚ ਹੀ ਖ਼ਤਮ ਹੋ ਗਈਆਂ। ਦੇਸ਼ ਦੀਆਂ ਬਹੁਤੀਆਂ ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਹੋਇਆ। ਗਾਂਧੀ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ‘ਹਰੀਜਨ’ ਵਿੱਚ ਮੇਰੇ ਭਾਸ਼ਣ ਦੀ ਪੜਚੋਲ, ਆਲੋਚਨਾ ਕੀਤੀ ਜਿਸ ਦਾ ਬਕਾਇਦਾ ਜਵਾਬ ਵੀ ਮੈਂ ਦੇ ਰਿਹਾ ਹਾਂ, ਏਸ ਲਈ ਨਹੀਂ ਕਿ ਗਾਂਧੀ ਦੀਆਂ ਦਲੀਲਾਂ ਵਿੱਚ ਕੋਈ ਵਜ਼ਨ ਹੈ ਬਲਕਿ ਇਸ ਲਈ ਕਿ ਜ਼ਿਆਦਾਤਰ ਹਿੰਦੂਆਂ ਲਈ ਗਾਂਧੀ ਦਾ ਫ਼ਤਵਾ, ਆਖਰੀ ਫ਼ਤਵਾ ਹੁੰਦਾ ਹੈ। ਪਰ ਦੁਨੀਆਂ ਵਿੱਚ ਬਾਗੀ ਵੀ ਤਾਂ ਹੁੰਦੇ ਹਨ ਜੋ ਵੱਡੀ ਤੋਂ ਵੱਡੀ ਤਾਕਤ ਸਾਹਮਣੇ ਵੀ ਸੱਚ ਕਹਿਣੋਂ ਸੰਕੋਚ ਨਹੀਂ ਕਰਦੇ, ਸੱਚ ਚਾਹੇ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਬਾਬਾ ਸਾਹਿਬ ਲਿਖਦੇ ਹਨ, ਮੈਂ ਸੰਤੁਸ਼ਟ ਹਾਂ ਜੇ ਮੈਂ ਹਿੰਦੂਆਂ ਨੂੰ ਇਹ ਅਹਿਸਾਸ ਕਰਾ ਦਿਆਂ ਕਿ ਉਹ ਭਾਰਤ ਦੇ ਬੀਮਾਰ ਲੋਕ ਹਨ ਅਤੇ ਉਨ੍ਹਾਂ ਦੀ ਬੀਮਾਰੀ, ਬਾਕੀ ਭਾਰਤੀਆਂ ਦੀ ਸਿਹਤ ਅਤੇ ਖੁਸ਼ੀ ਲਈ ਖ਼ਤਰਾ ਬਣ ਰਹੀ ਹੈ।
15 ਮਈ 1936 ਨੂੰ ਲਿਖੇ ਮੁੱਖ ਬੰਦ ਵਿੱਚ ਬਾਬਾ ਸਾਹਿਬ ਲਿਖਦੇ ਹਨ, 12 ਸਤੰਬਰ 1935 ਨੂੰ ਜਾਤਪਾਤ ਤੋੜਕ ਮੰਡਲ ਦੇ ਸਕੱਤਰ ਸ੍ਰੀ ਸੰਤ ਰਾਮ ਦਾ ਪੱਤਰ ਮੈਨੂੰ ਮਿਲਿਆ ਜਿਸ ਵਿੱਚ ਜਾਤਪਾਤ ਦੇ ਖਾਤਮੇ ਬਾਰੇ ਉਹ ਵਿਚਾਰ ਜਾਨਣ ਲਈ ਬੇਨਤੀ ਕੀਤੀ ਗਈ ਜੋ ਇਸ ਨਿਰਣੇ ਤੇ ਆਧਾਰਤ ਸਨ ਕਿ, ਜੋ ਧਾਰਮਿਕ ਸਿਧਾਂਤ ਜਾਤਪਾਤ ਦਾ ਮੂਲ ਹਨ, ਉਨ੍ਹਾਂ ਧਾਰਮਿਕ ਸਿਧਾਂਤਾਂ ਦਾ ਨਾਸ ਕੀਤੇ ਬਿਨਾਂ, ਜਾਤ ਪਾਤ ਨੂੰ ਤੋੜਨਾ ਸੰਭਵ ਨਹੀਂ।
ਭਾਸ਼ਣ ਵਿੱਚ ਵੇਦਾਂ ਸ਼ਾਸਤਰਾਂ ਦੀ ਆਲੋਚਨਾ ਤੋਂ ਮੰਡਲ ਦੇ ਮੈਂਬਰ ਡਰ ਗਏ। ਬਾਬਾ ਸਾਹਿਬ ਨੂੰ ਭਾਸ਼ਣ ਵਿੱਚ ਕੁਝ ਤਬਦੀਲੀ ਕਰਨ ਲਈ ਆਖਿਆ ਗਿਆ ਪਰ ਬਾਬਾ ਸਾਹਿਬ ਨੇ ਇੱਕ ਕੌਮਾ ਤੱਕ ਵੀ ਬਦਲਣ ਤੋਂ ਨਾਂਹ ਕਰ ਦਿੱਤੀ। ਕਾਨਫਰੰਸ ਮੁਲਤਵੀ ਹੋ ਗਈ। ਬਾਬਾ ਸਾਹਿਬ ਦਾ ਭਾਸ਼ਣ ਕਿਤਾਬ ਰੂਪ ਵਿੱਚ ਛਪਿਆ ਜਿਸਦਾ ਸਾਰ ਇਉਂ ਹੈ——-
ਦੋਸਤੋ, ਮੈਂ ਹਿੰਦੂਆਂ ਦਾ ਕੱਟੜ ਆਲੋਚਕ ਹਾਂ, ਮਹਾਂਤਮਾ ਗਾਂਧੀ ਦੇ ਅਧਿਕਾਰ ਨੂੰ ਵੀ ਮੈਂ ਵੰਗਾਰਿਆ। ਹੈਰਾਨੀ ਹੈ ਕਿ ਤੁਸੀਂ ਹਿੰਦੂ, ਫੇਰ ਵੀ ਆਪਣੀ ਸਲਾਨਾ ਕਾਨਫਰੰਸ ਦੀ ਮੇਰੇ ਤੋਂ ਪ੍ਰਧਾਨਗੀ ਕਰਵਾ ਰਹੇ ਹੋ। ਮਰਾਠੀ ਦੀ ਇੱਕ ਸਮਾਜਿਕ ਰਾਜਨੀਤਕ ਧਾਰਮਿਕ ਲਿਖਤ, ਕਵਿਤਾ ‘ਦਾਸਬੋਧ’ ਵਿੱਚ ਹਿੰਦੂਆਂ ਨੂੰ ਸੰਬੋਧਿਤ ਹੁੰਦਾ ਹੋਇਆ ਰਾਮਦਾਸ ਪੁੱਛਦਾ ਹੈ, ਜੇ ਇੱਕ ਅਛੂਤ ਬਹੁਤ ਵੱਡਾ ਵਿਦਵਾਨ ਹੋਵੇ, ਕੀ ਅਸੀਂ ਉਸ ਨੂੰ ਆਪਣਾ ਗੁਰੂ ਸਵੀਕਾਰ ਕਰ ਸਕਦੇ ਹਾਂ? ਉੱਤਰ, ਨਹੀਂ ਵਿੱਚ ਮਿਲਦਾ ਹੈ।
ਜਾਤਪਾਤ ਦਾ ਬੀਜ ਨਾਸ਼/ Annihilation of Caste
(1) ਹਿੰਦੂਆਂ ਨੂੰ ਸਵਾਲ
ਬਾਬਾ ਸਾਹਿਬ, ਹਿੰਦੂ ਰਾਜਨੀਤਕ ਨੇਤਾਵਾਂ ਨੂੰ ਸਵਾਲ ਕਰਦੇ ਹਨ, ਤੁਸੀਂ ਆਪਣੇ ਹੀ ਮੁਲਕ ਵਿੱਚ ਅਛੂਤਾਂ ਨੂੰ ਆਪਣੇ ਲੋਕਾਂ ਨੂੰ ਸਕੂਲਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੰਦੇ, ਖੂਹਾਂ ਤੇ ਜਾਣ ਦੀ ਆਗਿਆ ਨਹੀਂ ਦਿੰਦੇ, ਉਨ੍ਹਾਂ ਲਈ ਆਮ ਰਾਹਾਂ ਉੱਤੇ ਚੱਲਣ ਦੀ ਪਾਬੰਦੀ ਹੈ, ਕੱਪੜੇ ਗਹਿਣੇ ਪਹਿਨਣ, ਕੀ ਖਾਈਏ ਤੱਕ ਲਈ ਤੁਹਾਥੋਂ ਪੁੱਛਣਾ ਪੈਂਦਾ ਹੈ, ਕੀ ਤੁਸੀਂ ਰਾਜਨੀਤਕ ਸੱਤਾ ਦੇ ਕਾਬਲ ਹੋ? ਜੇ ਹਰ ਕਾਂਗਰਸੀ, ਮਿੱਲ ਦੀ ਇਹ ਸਤਰ ਦੁਹਰਾਉਂਦਾ ਹੈ ਕਿ ਇੱਕ ਦੇਸ਼ ਦਾ ਦੂਜੇ ਦੇਸ਼ ਉੱਤੇ ਰਾਜ ਕਰਨਾ ਠੀਕ ਨਹੀਂ ਤਾਂ ਇਹ ਕਿਉਂ ਨਹੀਂ ਮੰਨਦੇ ਕਿ ਇੱਕ ਵਰਗ ਦਾ ਦੂਜੇ ਵਰਗ ਉੱਤੇ ਸ਼ਾਸਨ ਕਰਨਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ?
ਬਾਬਾ ਸਾਹਿਬ ਬਾਰੇ ਹੋਰ ਵੀ ਜਾਣਕਾਰੀ ਲਈ 👉CLICK ਕਰੋ।
(2) ਪਹਿਲਾਂ ਸਮਾਜਿਕ ਧਾਰਮਿਕ ਕ੍ਰਾਂਤੀ
ਲੂਥਰ ਦੇ ਧਾਰਮਿਕ ਸੁਧਾਰਾਂ ਤੋਂ ਬਾਅਦ, ਯੂਰਪ ਵਿੱਚ ਰਾਜਨੀਤਕ ਮੁਕਤੀ ਦੀ ਲਹਿਰ ਚੱਲੀ। ਪੁਰੀਤਾਨਿਜ਼ਮ ਦੀ ਧਾਰਮਿਕ ਲਹਿਰ ਨੇ ਇੰਗਲੈਂਡ ਅਤੇ ਅਮਰੀਕਾ ਲਈ ਰਾਜਨੀਤਕ ਆਜ਼ਾਦੀ ਦਾ ਰਾਹ ਪੱਧਰਾ ਕੀਤਾ। ਹਜ਼ਰਤ ਮੁਹੰਮਦ ਦੀ ਧਾਰਮਿਕ ਲਹਿਰ ਤੋਂ ਬਾਅਦ ਮੁਸਲਿਮ ਰਾਜ ਸਥਾਪਤ ਹੋਇਆ। ਭਾਰਤ ਵਿੱਚ ਬੁੱਧ ਦੇ ਧਾਰਮਿਕ ਸਮਾਜਿਕ ਇਨਕਲਾਬ ਉਪਰੰਤ, ਚੰਦਰਗੁਪਤ ਮੋਰੀਆ ਦੀ ਰਾਜਨੀਤਕ ਕ੍ਰਾਂਤੀ ਸਾਹਮਣੇ ਆਈ। ਮਹਾਂਰਾਸ਼ਟਰ ਵਿੱਚ ਸੰਤਾਂ ਦੇ ਧਾਰਮਿਕ ਸਮਾਜਿਕ ਸੁਧਾਰਾਂ ਤੋਂ ਬਾਅਦ ਸ਼ਿਵਾ ਜੀ ਮਰਹੱਟਾ ਰਾਜਨੀਤਕ ਸ਼ਕਤੀ ਬਣੇ। ਗੁਰੂ ਨਾਨਕ ਦੀ ਸਮਾਜਿਕ ਧਾਰਮਿਕ ਕ੍ਰਾਂਤੀ ਤੋਂ ਬਾਅਦ ਸਿੱਖ, ਇੱਕ ਰਾਜਨੀਤਕ ਤਾਕਤ ਬਣੇ।
3. ਸਮਾਜਵਾਦੀਆਂ ਨੂੰ ਸਵਾਲ
ਕੀ ਸਮਾਜਵਾਦੀ, ਭਾਰਤੀ ਸਮਾਜ ਦੀਆਂ ਸਮਾਜਿਕ ਅਸਲੀਅਤਾਂ ਨੂੰ ਨਜ਼ਰਅੰਦਾਜ਼ ਕਰਕੇ ਇਨਕਲਾਬ ਲਿਆ ਸਕਦੇ ਹਨ? ਯੂਰਪ ਵਾਲੇ ਆਰਥਿਕ ਵਿਸ਼ਲੇਸ਼ਣ ਭਾਰਤੀ ਸੰਦਰਭ ਵਿੱਚ ਕਿਵੇਂ ਕਾਰਾਗਰ ਸਾਬਤ ਹੋ ਸਕਦੇ ਹਨ? ਆਰਥਿਕ ਕਸੌਟੀ ਦੇ ਪ੍ਰਸੰਗ ਵਿੱਚ ਪ੍ਰਸ਼ਨ ਹੈ, ਭਾਰਤ ਵਿੱਚ ਲੱਖਾਂ ਕਰੋੜਾਂਪਤੀ , ਭੁੱਖੇ ਨੰਗੇ ਸਾਧੂ ਫਕੀਰਾਂ ਮਗਰ ਕਿਉਂ ਤੁਰੇ ਫਿਰਦੇ ਹਨ? ਲੱਖਾਂ ਭੁੱਖੇ ਨੰਗੇ ਮਰਦੇ ਜਾ ਰਹੇ ਲੋਕ ਆਪਣੀ ਦੁਰਦਸ਼ਾ ਤੋਂ ਬੇ – ਖਬਰ, ਬਨਾਰਸ ਅਤੇ ਮੱਕੇ ਜਾਣ ਨੂੰ ਕਿਉਂ ਤਰਜੀਹ ਦਿੰਦੇ ਹਨ? ਭਾਰਤ ਦਾ ਇਤਿਹਾਸ ਗਵਾਹ ਹੈ ਕਿ ਧਰਮ, ਸੱਤਾ ਦਾ ਇੱਕ ਵੱਡਾ ਸੋਮਾ ਰਿਹਾ ਹੈ। ਸਮਾਜਵਾਦੀਆਂ ਨੂੰ ਇੱਕ ਸਵਾਲ ਹੈ ਕਿ ਸਮਾਜਿਕ ਵਿਵਸਥਾ ਵਿੱਚ ਸੁਧਾਰ ਕੀਤੇ ਬਿਨਾਂ ਆਰਥਿਕ ਸੁਧਾਰ ਕਰ ਸਕਦੇ ਹੋ? ਜਾਤਾਂ, ਮਜ਼ਹਬਾਂ, ਗੋਤਾਂ ਵਿੱਚ ਵੰਡੇ ਗਰੀਬ ਲੋਕ ਜੇ ਇੱਕ ਸਾਂਝਾ ਮੁਹਾਜ਼ ਨਹੀਂ ਬਣਾ ਸਕਦੇ ਤਾਂ ਕ੍ਰਾਂਤੀ ਕਿਵੇਂ ਹੋ ਸਕਦੀ ਹੈ? ਜਦੋਂ ਤੱਕ ਤੁਸੀਂ ਜਾਤਪਾਤ ਦੇ ਦੈਂਤ ਦਾ ਖਾਤਮਾ ਨਹੀਂ ਕਰਦੇ, ਅਸਰਦਾਰ ਰਾਜਨੀਤਕ ਅਤੇ ਆਰਥਿਕ ਸੁਧਾਰ ਨਹੀਂ ਹੋ ਸਕਦੇ।
ਦੁਨੀਆਂ ਦੇ ਹੋਰ ਕਿਸੇ ਵੀ ਮੁਲਕ ਵਿੱਚ ਅਜਿਹਾ ਨਹੀਂ ਕਿ ਮਜ਼ਦੂਰਾਂ ਦੀ ਵੰਡ ਵਿੱਚ ਕਿਸੇ ਦਾ ਰੁਤਬਾ ਉੱਚਾ ਹੋਵੇ, ਕਿਸੇ ਦਾ ਨੀਵਾਂ ਹੋਵੇ, ਕੋਈ ਉੱਪਰ ਹੋਵੇ, ਕੋਈ ਥੱਲੇ ਹੋਵੇ। ਏਥੇ ਇੱਕ ਬ੍ਰਾਹਮਣ ਮਜ਼ਦੂਰ ਦੀ, ਇੱਕ ਅਛੂਤ ਮਜ਼ਦੂਰ ਨਾਲ ਕਿੰਨੀ ਕੁ ਸਾਂਝ ਹੈ? ਕਿਹੜਾ ਹੋਰ ਮੁਲਕ ਹੈ ਜਿੱਥੇ ਮਾਪਿਆਂ ਦਾ ਪੱਧਰ ਹੀ ਔਲਾਦ ਦੇ ਪੱਧਰ ਨੂੰ ਵੀ ਨਿਰਧਾਰਤ ਕਰਦਾ ਹੋਵੇ, ਜਿਥੇ ਆਪਦੀ ਮਰਜ਼ੀ ਨਾਲ ਕੰਮਕਾਰ ਕਿੱਤੇ ਨਾ ਬਦਲੇ ਜਾ ਸਕਦੇ ਹੋਣ? ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਦੀ ਦ੍ਰਿਸ਼ਟੀ ਤੋਂ ਵੀ ਜਾਤਪਾਤ ਇੱਕ ਵੱਡੀ ਲਾਅਨਤ ਹੈ।
4. ਖੂਨ ਦੀ ਸ਼ੁੱਧੀ ਇੱਕ ਭਰਮ
ਕਈ ਕਹਿੰਦੇ ਹਨ ਕਿ ਜਾਤਪਾਤ ਨੇ ਨਸਲਾਂ, ਪੀੜ੍ਹੀਆਂ, ਖਾਨਦਾਨਾਂ ਦੇ ਖੂਨ ਦੀ ਸ਼ੁੱਧੀ ਨੂੰ ਬਰਕਰਾਰ ਰੱਖਿਆ ਜਦੋਂ ਕਿ ਇਤਿਹਾਸਕ ਸੱਚ ਹੈ ਕਿ ਭਾਰਤ ਵਿੱਚ ਹਮੇਸ਼ਾ ਤੋਂ ਚਲਦੀ ਆ ਰਹੀ ਉਥਲ – ਪੁਥਲ ਵਿੱਚ ਨਸਲਾਂ ਦੇ ਖੂਨ ਵਿੱਚ ਸ਼ੁੱਧਤਾ ਵਰਗੀ ਕੋਈ ਗੱਲ ਨਹੀਂ ਰਹੀ। ਹੈਰਾਨੀ ਹੈ ਕਿ ਖੂਨ ਦੀ ਸ਼ੁੱਧੀ ਦਾ ਦਾਅਵਾ ਕਰਨ ਵਾਲੇ ਲੋਕ, ਵਿਸ਼ਵ ਮੁਕਾਬਲਿਆਂ ਵਿੱਚ ਹਮੇਸ਼ਾ ਫਾਡੀ ਰਹਿੰਦੇ ਹਨ। ਸੱਚ ਤਾਂ ਇਹ ਹੈ ਕਿ ਜਾਤਪਾਤ ਨੇ ਹਿੰਦੂਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ, ਲਤਾੜ ਦਿੱਤਾ ਅਤੇ ਇਨ੍ਹਾਂ ਨੂੰ ਸਾਹਸਤਹੀਣ ਕਰ ਦਿੱਤਾ।
5. ਹਿੰਦੂ, ਬਦੇਸ਼ੀ ਨਾਮ ਹੈ
ਸਭ ਤੋਂ ਪਹਿਲਾਂ ਗੱਲ ਤਾਂ ਇਹ ਮੰਨਣੀ ਪਵੇਗੀ ਕਿ ਹਿੰਦੂ ਸਮਾਜ ਇੱਕ ਫਰਜ਼ੀ ਕਲਪਣਾ ਹੈ। ਹਿੰਦੂ ਨਾਮ, ਬਜ਼ਾਤੇ ਖ਼ੁਦ ਇੱਕ ਬਦੇਸ਼ੀ ਨਾਮ ਹੈ। ਇਹ ਨਾਮ ਮੁਸਲਮਾਨਾਂ ਨੇ ਏਥੇ ਵਸਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਖਰਾ ਦਰਸਾਉਣ ਲਈ, ਇਨ੍ਹਾਂ ਨੂੰ ਦਿੱਤਾ। ਮੁਸਲਮਾਨੀ ਹਮਲਿਆਂ ਤੋਂ ਪਹਿਲਾਂ ਦੀ ਕਿਸੇ ਵੀ ਸੰਸਕ੍ਰਿਤ ਰਚਨਾ ਵਿੱਚ ਹਿੰਦੂ ਨਾਮ ਦਾ ਜ਼ਿਕਰ ਤੱਕ ਵੀ ਨਹੀਂ ਹੈ। ਹਿੰਦੂਆਂ ਨੇ ਆਪਣੇ ਲਈ ਇੱਕ ਸਾਂਝੇ ਆਮ ਨਾਮ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਕਿਉਂਕਿ ਉਨ੍ਹਾਂ ਅੰਦਰ ਇੱਕ ਸਮਾਜ, ਇੱਕ ਸਮੁਦਾਏ ਹੋਣ ਦਾ ਵਿਚਾਰ ਹੀ ਨਹੀਂ ਸੀ। ਸੋ ਹਿੰਦੂ ਸਮਾਜ ਵਰਗਾ ਇੱਥੇ ਕੁਝ ਨਹੀਂ। ਹਿੰਦੂ ਸਮਾਜ ਤਾਂ ਜਾਤਾਂ ਦਾ ਸਮੂਹ ਹੈ। ਹਰ ਜਾਤ ਆਪਣੀ ਹੋਂਦ ਆਪਣੀ ਪਛਾਣ ਆਪਣੀ ਅਲੱਗ ਹਸਤੀ ਬਾਰੇ ਹੀ ਸੁਚੇਤ ਹੈ। ਚੂਹੇ ਵਾਂਗ ਹਰ ਹਿੰਦੂ ਦੀ ਆਪੋ ਆਪਣੀ ਖੁੱਡ ਹੈ। ਹਿੰਦੂ ਚੇਤਨਾ ਵਾਲੀ ਕੋਈ ਗੱਲ ਨਹੀਂ। ਹਿੰਦੂਆਂ ਵਿੱਚ ਤਾਂ ਆਪੋ ਆਪਣੀ ਜਾਤ ਦੀ ਚੇਤਨਾ ਜਰੂਰੀ ਹੈ। ਜਾਤੀ ਵਿਵਸਥਾ ਸਾਂਝੀਵਾਲਤਾ ਦੀ ਦੁਸ਼ਮਣ ਹੈ। ਰਲਮਿਲ ਕੇ ਰਹਿਣ, ਸੋਚਣ, ਕਾਰਜ ਕਰਨ ਦਾ ਵਿਰੋਧੀ ਕਰਦੀ ਹੈ।
6. ਸਾਹਿਤ ਅਤੇ ਸੱਭਿਅਤਾ
ਹਿੰਦੂਆਂ ਦਾ ਸਾਹਿਤ, ਜਾਤਾਂ ਦੇ ਯੁੱਧਾਂ ਦਾ ਸਾਹਿਤ ਹੈ। ਜਾਤਾਂ ਵਿੱਚ ਲੜਾਈ ਕਿਸ ਗੱਲ ਦੀ? ਸਾਡੀ ਜਾਤ ਦਾ ਮੁੱਢ ਵਧੀਆ ਹੈ, ਤੁਹਾਡੀ ਜਾਤ ਦਾ ਮੁੱਢ ਘਟੀਆ ਹੈ। ਇਹ ਜਾਤ ਉੱਤਮ ਹੈ, ਦੂਜੀ ਮਾੜੀ ਹੈ। ਬ੍ਰਾਹਮਣਾਂ ਵਿੱਚ ਹੀ ਘਟੀਆ – ਵਧੀਆ ਦੀਆਂ ਕਈ ਕਿਸਮਾਂ ਹਨ। ਜਾਤਾਂ ਜਾਤਾਂ ਦਰਮਿਆਨ ਰਹੀ ਦੁਸ਼ਮਣੀ ਦਾ ਚੇਤਾ, ਹਿੰਦੂਆਂ ਨੂੰ ਇੱਕਮੁੱਠ ਨਹੀਂ ਹੋਣ ਦਿੰਦਾ।
ਕਿੰਨੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਦੇਸ਼, ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਹੋਣ ਦੀ ਸ਼ੇਖੀ ਮਾਰਦਾ ਹੈ, ਉਸੇ ਦੇਸ਼ ਵਿੱਚ ਲੱਖਾਂ ਲੋਕ ਅਜਿਹੇ ਵੀ ਵਸਦੇ ਹਨ ਜਿਨ੍ਹਾਂ ਨੇ ਸੱਭਿਅਤਾ ਦੀ ਪਹਿਲੀ ਕਿਰਣ ਵੀ ਅਜੇ ਤੱਕ ਨਹੀਂ ਦੇਖੀ, ਜਿਨ੍ਹਾਂ ਨੂੰ ਰਹਿਣ – ਸਹਿਣ, ਖਾਣ – ਪੀਣ ਦੁਨੀਆਂਦਾਰੀ ਦੀ ਕੋਈ ਖ਼ਬਰਸਾਰ ਹੀ ਨਹੀਂ। ਹਿੰਦੂਆਂ ਦਾ ਜਾਤੀ ਅਭਿਮਾਨ ਇਨ੍ਹਾਂ ਲੋਕਾਂ ਨੂੰ ਸੱਭਿਅਤਾ ਕਰਨ ਵਿੱਚ ਜਾਂ ਆਪਣੇ ਆਪ ਨਾਲ ਮਿਲਾਉਣ ਵਿੱਚ ਇੱਕ ਵੱਡੀ ਰੁਕਾਵਟ ਬਣਦਾ ਆ ਰਿਹਾ ਹੈ। ਜੰਗਲਾਂ ਕੁੰਦਰਾਂ ਵਿੱਚ ਵਿਚਰਦੇ ਇਨ੍ਹਾਂ ਲੋਕਾਂ ਨੂੰ ਹਿੰਦੂਆਂ ਨੇ ਗਲੇ ਤਾਂ ਕੀ ਲਗਾਉਣਾ, ਹਿੰਦੂ ਡਰਦੇ ਹਨ ਕਿ ਕਿਤੇ ਉਹ ਉਨ੍ਹਾਂ ਦੇ ਬਰਾਬਰ ਨਾ ਆ ਜਾਣ। ਹਿੰਦੂ, ਰੌਸ਼ਨੀ ਵੰਡਣਾ ਨਹੀਂ ਚਾਹੁੰਦੇ, ਆਪਣੀ ਬੁੱਧੀ ਅਤੇ ਸਮਾਜਿਕ ਵਿਰਾਸਤ ਨੂੰ ਆਦਿਵਾਸੀਆਂ ਨਾਲ ਸਾਂਝੀ ਕਰਨਾ ਆਪਣੀ ਹੱਤਕ ਸਮਝਦੇ ਹਨ।
ਹਿੰਦੂ ਧਰਮ, ਜਾਤ ਪਾਤ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਲਾ ਧਰਮ ਹੈ। ਇਸ ਵਿੱਚ ਧਰਮ ਬਦਲ ਕੇ ਆਏ ਨੂੰ ਕਿਹੜੀ ਜਾਤ ਵਿੱਚ ਰੱਖਿਆ ਜਾਵੇਗਾ? ਕਿਉਂਕਿ ਹਿੰਦੂ ਸਮਾਜ ਤਾਂ ਜਾਤਾਂ ਦਾ ਸਮੂਹ ਹੈ। ਜਾਤਾਂ ਦੇ ਕਾਇਦੇ ਕਾਨੂੰਨ ਵਿੱਚ ਧਰਮ ਬਦਲੀ ਵਾਲੇ ਦੀ ਕੀ ਥਾਂ ਹੈ? ਕੁਝ ਪਤਾ ਨਹੀਂ। ਸੋ ਹਿੰਦੂਆਂ ਦਾ ਪਸਾਰ, ਇਨ੍ਹਾਂ ਦਾ ਵਾਧਾ ਇਨ੍ਹਾਂ ਦਾ ਵਿਕਾਸ ਕਿਵੇਂ ਹੋਵੇ? ਜਦੋਂ ਤੱਕ ਇਸ ਵਿੱਚ ਜਾਤਪਾਤ ਹੈ, ਹਿੰਦੂ ਧਰਮ, ਮਿਸ਼ਨਰੀ ਧਰਮ ਨਹੀਂ ਬਣ ਸਕਦਾ।
ਜਾਤਪਾਤ ਦਾ ਬੀਜ ਨਾਸ਼/ Annihilation of Caste
7. ਹਿੰਦੂ ਡਰਪੋਕ ਕਿਉਂ
ਜਾਤਪਾਤ ਕਰਕੇ ਹੀ ਹਿੰਦੂ, ਮਜ਼ਬੂਤ ਤਾਕਤਵਰ ਆਤਮ – ਵਿਸ਼ਵਾਸੀ ਨਹੀਂ ਹੋ ਸਕਦਾ। ਸਿੱਖ ਜਾਂ ਮੁਸਲਮਾਨ ਵਿੱਚ ਸ਼ਕਤੀ ਤਾਕਤ ਕਿੱਥੋਂ ਆਉਂਦੀ ਹੈ? ਸਵਾਲ ਕੋਈ ਸਰੀਰਕ ਤਾਕਤ, ਖਾਣ – ਪੀਣ ਜਾਂ ਕਸਰਤ ਕਰਨ ਆਦਿ ਦਾ ਨਾਂ ਨਹੀਂ ਹੈ। ਇਹ ਇਸ ਕਰਕੇ ਹੈ ਕਿ ਜੇ ਸਿੱਖ ਨੂੰ ਖ਼ਤਰਾ ਹੈ ਤਾਂ ਖ਼ਤਰੇ ਦਾ ਸਾਹਮਣਾ ਕਰਨ ਲਈ ਸਾਰੇ ਸਿੱਖ, ਉਸਦੇ ਮਗਰ ਹਨ। ਜੇ ਇੱਕ ਮੁਸਲਮਾਨ ਉੱਤੇ ਹਮਲਾ ਹੁੰਦਾ ਹੈ ਤਾਂ ਉਸਦੇ ਬਚਾਅ ਲਈ ਦੁਨੀਆਂ ਦੇ ਸਾਰੇ ਮੁਸਲਮਾਨ ਦੌੜਨਗੇ। ਹਿੰਦੂ ਨੂੰ ਵਿਸ਼ਵਾਸ ਹੀ ਨਹੀਂ ਕਿ ਉਸਦੇ ਮਗਰ ਵੀ ਕੋਈ ਆਵੇਗਾ। ਉਹ ਇਕੱਲਾ ਹੈ, ਇਕੱਲਾ ਹੀ ਰਹਿਣਾ ਲੋਚਦਾ ਹੈ। ਇਸ ਲਈ ਸ਼ਕਤੀਹੀਣ ਹੈ, ਡਰਪੋਕ ਹੈ, ਮੈਦਾਨ ਛੱਡ ਜਾਂਦਾ ਹੈ। ਇੱਕ ਹਿੰਦੂ, ਦੂਜੇ ਹਿੰਦੂ ਨੂੰ ਆਪਣਾ ਭਰਾ ਨਹੀਂ ਸਮਝਦਾ ਕਿਉਂਕਿ ਉਸਦੇ ਖ਼ੂਨ ਵਿਚ ਜਾਤਪਾਤ ਮਿਲੀ ਹੋਈ ਹੈ। ਮੈਨੂੰ ਕੀ, ਵਾਲੀ ਭਾਵਨਾ, ਮਾੜੀ ਭਾਵਨਾ ਹੈ। ਇੱਕ ਦੇ ਦੁੱਖ ਦਰਦ ਨਾਲ ਦੂਜੇ ਨੂੰ ਕੋਈ ਸਰੋਕਾਰ ਹੀ ਨਹੀਂ।
8. ਸੁਧਾਰਾਂ ਦਾ ਵਿਰੋਧ
ਕੱਟੜਪੰਥੀਆਂ ਦੇ ਹੱਥ ਵਿੱਚ ਜਾਤਪਾਤ ਦਾ ਹਥਿਆਰ, ਸਾਰੇ ਸੁਧਾਰਾਂ ਨੂੰ, ਜ਼ਿਬਾਹ ਕਰਨ ਲਈ ਵਰਤਿਆ ਜਾਂਦਾ ਹੈ। ਸੁਧਾਰ ਦੀ ਗੱਲ ਕਰਨ ਵਾਲੇ ਦਾ ਬਾਈਕਾਟ ਹੋ ਜਾਂਦਾ ਹੈ। ਸਾਰੇ ਸੁਧਾਰ, ਇੱਕ ਵਿਅਕਤੀ ਤੋਂ ਸ਼ੁਰੂ ਹੁੰਦੇ ਹਨ, ਇੱਥੇ ਜਾਤ, ਵਿਅਕਤੀ ਉੱਤੇ ਹਾਵੀ ਹੈ। ਜਾਤਪਾਤ, ਸੁਧਾਰ ਨਹੀਂ ਚਾਹੁੰਦੀ। ਇਸ ਲਈ ਹਿੰਦੂ ਸਮਾਜ, ਬੁਰਾਈਆਂ ਦਾ ਮਸਾਜ ਹੈ।
ਜਾਤਪਾਤ ਨੇ ਹਿੰਦੂਆਂ ਨੂੰ ਨੈਤਿਕ ਅਤੇ ਸਦਾਚਾਰਕ ਤੌਰ ਤੇ ਵਿਕਾਸ ਕਰਨ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਵਿੱਚ ਸਰਵਜਨਕ ਹੋਣ ਦੀ ਭਾਵਨਾ ਤਬਾਹ ਕਰ ਦਿੱਤੀ, ਉਨ੍ਹਾਂ ਨੂੰ ਸਵਾਰਥੀ ਸੀਮਤ ਬਣਾ ਦਿੱਤਾ। ਦਾਨ ਦੇਣ ਦੀ ਭਾਵਨਾ ਨੂੰ ਸੰਕੁਚਿਤ ਕਰ ਦਿੱਤਾ, ਲੋਕਰਾਇ ਆਮ ਸਹਿਮਤੀ ਨੂੰ ਅਸੰਭਵ ਬਣਾ ਦਿੱਤਾ। ਇੱਕ ਹਿੰਦੂ ਦੀ ਜ਼ਿੰਮੇਵਾਰੀ, ਸੋਚਣੀ, ਵਫ਼ਾਦਾਰੀ, ਪਹੁੰਚ, ਜਾਤ ਤੱਕ ਹੀ ਸੀਮਤ ਹੈ। ਹਿੰਦੂ ਨੇ ਜੇ ਕਿਸੇ ਦੇ ਗੁਣ ਔਗੁਣ ਦੇਖਣੇ ਹੋਣ ਤਾਂ ਉਸ ਦੀ ਜਾਤ ਨੂੰ ਧਿਆਨ ਵਿੱਚ ਰੱਖ ਕੇ ਦੇਖਦਾ ਹੈ। ਕੀ ਹਿੰਦੂਆਂ ਨੇ ਆਪਣੇ ਜਾਤੀ – ਮੁਫ਼ਾਦ ਦੇ ਪੱਖ ਵਿੱਚ ਦੇਸ਼ ਧਰੋਹ ਨਹੀਂ ਕੀਤਾ?
9. ਮੇਰਾ ਆਦਰਸ਼ਕ ਸਮਾਜ
ਜੇ ਤੁਸੀਂ ਮੈਨੂੰ ਪੁੱਛੋ, ਮੇਰਾ ਆਦਰਸ਼ਕ ਸਮਾਜ ਉਹ ਹੋਵੇਗਾ ਜੋ ਆਜ਼ਾਦੀ ਬਰਾਬਰੀ ਅਤੇ ਭਾਈਚਾਰੇ ਉੱਤੇ ਆਧਾਰਤ ਹੋਵੇ। ਭਰਾਤਰੀਭਾਵ, ਲੋਕਤੰਤਰ ਦਾ ਦੂਜਾ ਨਾਂ ਹੈ। ਆਪਣੇ ਸੰਗੀ – ਸਾਥੀਆਂ ਪ੍ਰਤੀ ਮਾਣ ਸਤਿਕਾਰ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ ਪਰ ਜਾਤਪਾਤ ਨੇ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ।
10. ਚਤੁਰ ਵਰਣ ਵਿਵਸਥਾ
ਆਰੀਆ ਸਮਾਜੀ, ਚਤੁਰਵਰਣ ਭਾਵ ਸਮਾਜ ਦੀ ਚਾਰ ਵਰਣਾਂ/ ਵਰਗਾਂ ਵਿੱਚ ਵੰਡ ਨੂੰ, ਆਦਰਸ਼ਕ ਸਮਾਜਿਕ ਵਿਵਸਥਾ ਮੰਨਦੇ ਹਨ ਪਰ ਕੀ ਆਰੀਆ ਸਮਾਜ ਦੁਆਰਾ ਸਾਰੇ ਬੰਦਿਆਂ ਨੂੰ ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡਣਾ ਲਾਭਕਾਰੀ ਹੈ? ਜੇ ਕੋਈ ਵਿਦਵਾਨ ਹੈ ਤਾਂ ਬਤੌਰ ਬ੍ਰਾਹਮਣ ਹੀ ਉਸ ਦਾ ਮਾਣ ਸਤਿਕਾਰ ਕਿਉਂ ਕੀਤਾ ਜਾਵੇ? ਜੇਕਰ ਕੋਈ ਬਹਾਦਰ ਹੈ ਤਾਂ ਉਸ ਦਾ ਕਸ਼ੱਤਰੀ ਹੋਣਾ ਹੀ ਕਿਉਂ ਜਰੂਰੀ ਹੈ? ਜੇ ਬ੍ਰਤਾਨਵੀ ਸਮਾਜ ਬਿਨਾਂ ਕੋਈ ਪੱਕੇ ਲੇਬਲ ਲਾਇਆਂ ਮਾਣ ਸਤਿਕਾਰ ਦਿੰਦਾ ਹੈ ਤਾਂ ਆਰੀਆ ਸਮਾਜ ਕਿਉਂ ਚਾਰ ਵਰਣਾਂ ਦੀ ਵੰਡ ਨੂੰ ਜੱਫਾ ਮਾਰੀ ਬੈਠਾ ਹੈ? ਜਨਮ ਤੋਂ ਚੱਲੀਆਂ ਆ ਰਹੀਆਂ ਚਾਰ ਹਜ਼ਾਰ ਜਾਤਾਂ ਹੁਣ ਚਾਰ ਵਰਣਾਂ ਵਿੱਚ ਕਿਵੇਂ ਆ ਸਕਦੀਆਂ ਹਨ? ਵਰਣ ਵਿਵਸਥਾ ਵਿੱਚ ਵਰਣ ਦੇ ਨੇਮ ਮੰਨਣੇ ਪੈਂਦੇ ਹਨ। ਰਾਮ ਰਾਜ, ਚਤੁਰ ਵਰਣ ਵਿਵਸਥਾ ਵਾਲਾ ਰਾਜ ਸੀ। ਜੇ ਵਰਣ ਨੇਮਾਂ ਦੀ ਉਲੰਘਣਾ ਕਰਨ ਤੇ ਸ਼ੰਭੁਕ ਦਾ ਕਤਲ ਰਾਜਾ ਰਾਮ ਨੇ ਕੀਤਾ ਤਾਂ ਫਿਰ ਉਸ ਨੇ ਕੁਛ ਗਲਤ ਨਹੀਂ ਕੀਤਾ। ਵਰਣ ਨੇਮਾਂ ਅਨੁਸਾਰ ਹੀ ਉਸਨੇ ਇਹ ਕਾਰਾ ਕੀਤਾ।
ਜਾਤਪਾਤ ਦਾ ਬੀਜ ਨਾਸ਼/ Annihilation of Caste
11. ਸਮਾਜਿਕ ਇਨਕਲਾਬ ਕਿਉਂ ਨਹੀਂ
ਸਮਾਜਿਕ ਅਧਿਕਾਰਾਂ ਸਬੰਧੀ, ਮੈਨੂੰ ਦੇ ਕਾਨੂੰਨ ਨਾਲੋਂ ਵੱਧ ਬਦਨਾਮ ਕੋਈ ਕਾਨੂੰਨ ਨਹੀਂ ਹੋ ਸਕਦਾ। ਲੋਕਾਂ ਉੱਪਰ ਜ਼ਬਰਦਸਤੀ ਥੋਪੀਆਂ ਸਮਾਜਿਕ ਬੁਰਾਈਆਂ ਅਤੇ ਅੰਨ੍ਹੇ ਜ਼ੁਲਮਾਂ ਨੂੰ ਆਖਰ ਲੋਕਾਂ ਨੇ ਬਰਦਾਸ਼ਤ ਹੀ ਕਿਉਂ ਕੀਤਾ? ਦੁਨੀਆਂ ਦੇ ਹੋਰ ਮੁਲਕਾਂ ਵਿੱਚ ਸਮਾਜਿਕ ਇਨਕਲਾਬ ਆਏ ਹਨ। ਭਾਰਤ ਵਿੱਚ ਕ੍ਰਾਂਤੀ ਕਿਉਂ ਨਹੀਂ ਹੋਈ? ਜਵਾਬ ਕੇਵਲ ਇੱਕੋ ਹੈ। ਹਿੰਦੂਆਂ ਦੇ ਹੇਠਲੇ ਵਰਗਾਂ ਨੂੰ ਚਤੁਰ ਵਰਣ ਸਿਸਟਮ ਕਰਕੇ ਸਿੱਧਾ ਐਕਸ਼ਨ ਕਰਨ ਦੇ ਅਯੋਗ ਕਰਾਰ ਦਿੱਤਾ ਗਿਆ। ਜਾਤਪਾਤ, ਆਪਸੀ ਸਹਿਯੋਗ ਆਪਸੀ ਸਹਿਹੋਂਦ ਦੀ ਭਾਵਨਾ ਦਾ ਮਲੀਆਮੇਟ ਕਰਦੀ ਹੈ। ਸੋ ਇਨਕਲਾਬ ਕਿੱਥੋਂ ਆਉਣਾ ਸੀ, ਕਿਸ ਨੇ ਲਿਆਉਣਾ ਸੀ। ਮੌਰੀਆ ਸਾਮਰਾਜ ਨੂੰ ਛੱਡ ਕੇ ਭਾਰਤ ਦਾ ਇਤਿਹਾਸ, ਹਨ੍ਹੇਰੇ ਦਾ ਇਤਿਹਾਸ ਹੈ, ਗ਼ੁਲਾਮੀ ਦਾ ਇਤਿਹਾਸ ਹੈ ਅਤੇ ਜਾਤਪਾਤ ਇਸਦਾ ਪ੍ਰਮੁੱਖ ਕਾਰਨ ਹੈ।
ਵੇਦਾਂ ਜਿੰਨੀ ਪੁਰਾਣੀ ਚਤੁਰਵਰਣ ਪ੍ਰਣਾਲੀ ਅਧੀਨ ਹੀ ਬ੍ਰਾਹਮਣਾਂ ਨੇ ਕਿੰਨੀ ਵਾਰੀ ਕਸ਼ੱਤਰੀਆਂ ਦਾ ਵਿਨਾਸ਼ ਕੀਤਾ। ਕਿੰਨੀ ਵਾਰੀ ਕਸ਼ੱਤਰੀਆਂ ਨੇ ਬ੍ਰਾਹਮਣਾਂ ਦਾ ਸਰਬਨਾਸ਼ ਕੀਤਾ। ਮਹਾਂਭਾਰਤ ਅਤੇ ਪੁਰਾਣਾਂ ਵਿੱਚ ਅਕਸਰ ਅਜਿਹੀਆਂ ਦੁਸ਼ਮਣੀਆਂ ਦਾ ਉਲੇਖ ਮਿਲਦਾ ਹੈ। ਭਗਵਤ ਗੀਤਾਂ ਨਿਸ਼ਚਤ ਤੌਰ ਤੇ ਕਹਿੰਦੇ ਹੈ ਕਿ ਕ੍ਰਿਸ਼ਨ ਨੇ ਅਵਤਾਰ ਹੀ ਇਸ ਲਈ ਧਾਰਿਆ ਤਾਂ ਕਿ ਕਸ਼ੱਤਰੀਆਂ ਦੇ ਖਾਤਮੇ ਦਾ ਪਵਿੱਤਰ ਉਦੇਸ਼ ਪੂਰਣ ਹੋ ਸਕੇ। ਵਿਰੋਧਤਾ ਅਤੇ ਦੁਸ਼ਮਣੀ ਦੀਆਂ ਇਹ ਗਾਥਾਵਾਂ, ਚਤੁਰਵਰਣ ਹਿੰਦੂ ਸਮਾਜੀ ਢਾਂਚੇ ਦੇ ਸਹੀ ਹੋਣ ਉੱਪਰ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ।
ਜਾਤਪਾਤ ਦਾ ਬੀਜ ਨਾਸ਼/ Annihilation of Caste
12. ਗੈਰ ਹਿੰਦੂਆਂ ਵਿੱਚ ਜਾਤਪਾਤ
ਜਾਤੀਪਾਤੀ ਹਿੰਦੂ ਇਹ ਕਹਿ ਕੇ ਤਸੱਲੀ ਹਾਸਲ ਕਰ ਸਕਦੇ ਹਨ ਕਿ ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਵਿੱਚ ਵੀ ਤਾਂ ਜਾਤਪਾਤ ਹੈ ਪਰ ਹਿੰਦੂ ਜਾਤਪਾਤ ਅਤੇ ਹੋਰਨਾਂ ਦੀ ਜਾਤਪਾਤ ਵਿੱਚ ਅਸਲੋਂ ਹੀ ਬਹੁਤ ਵੱਡਾ ਅੰਤਰ ਹੈ। ਜ਼ਰੂਰੀ ਗੱਲ ਇਹ ਹੈ ਕਿ ਹਿੰਦੂਆਂ ਨੂੰ ਇੱਕਮੁੱਠ ਰੱਖਣ ਵਾਲੀਆਂ ਕੁੜੀਆਂ ਹੈ ਹੀ ਨਹੀਂ ਜਦੋਂ ਕਿ ਗ਼ੈਰ ਹਿੰਦੂਆਂ ਨੂੰ ਇੱਕਮੁੱਠ ਰੱਖਣ ਵਾਲੀਆਂ ਕਈ ਕੜੀਆਂ ਹਨ। ਗ਼ੈਰ ਹਿੰਦੂਆਂ ਵਿੱਚ ਜਾਤਪਾਤ ਦਾ ਉਹ ਮਹੱਤਵ, ਉਹ ਬੋਲਬਾਲਾ, ਉਹ ਚੜ੍ਹਤ ਨਹੀਂ ਜਿਹੜੀ ਹਿੰਦੂਆਂ ਵਿੱਚ ਹੈ।
ਕਿਸੇ ਮੁਸਲਿਮ ਨੂੰ ਪੁੱਛੋਂ, ਉਹ ਕੌਣ ਹੈ। ਜਵਾਬ ਹੋਵੇਗਾ, ਉਹ ਮੁਸਲਮਾਨ ਹੈ। ਕਿਸੇ ਸਿੱਖ ਨੂੰ ਪੁੱਛੋਂ ਉਹ ਕੌਣ ਹੈ, ਜਵਾਬ ਹੋਵੇਗਾ ਕਿ ਉਹ ਸਿੱਖ ਹੈ। ਉਹ ਤੁਹਾਨੂੰ ਆਪਣੀ ਜਾਤ ਨਹੀਂ ਦੱਸਦਾ ਭਾਵੇਂ ਕਿ ਉਸਦੀ ਇੱਕ ਜਾਤ ਹੈ ਅਤੇ ਤੁਸੀਂ ਸੰਤੁਸ਼ਟ ਹੋ ਜਾਂਦੇ ਹੋ। ਜੇ ਕੋਈ ਕਹੇ ਕਿ ਉਹ ਹਿੰਦੂ ਹੈ ਤਾਂ ਏਨੇ ਨਾਲ ਹੀ ਤੁਹਾਡੀ ਤਸੱਲੀ ਨਹੀਂ ਹੁੰਦੀ। ਤੁਸੀਂ, ਉਸਦੀ ਜਾਤ ਪੁੱਛਣਾ ਜਰੂਰੀ ਸਮਝਦੇ ਹੋ। ਕਿਉਂ? ਕਿਉਂਕਿ ਬਿਨਾਂ ਹਿੰਦੂ ਦੀ ਜਾਤ ਜਾਣੇ ਤੁਸੀਂ ਨਿਸ਼ਚਿਤ ਨਹੀਂ ਹੁੰਦੇ ਕਿ ਉਹ ਕਿਹੋ ਜਿਹਾ ਆਦਮੀ ਹੋ ਸਕਦਾ ਹੈ।
ਸਿੱਖੀ ਮੁਸਲਮਾਨੀ ਵਿੱਚ ਜੇ ਕੋਈ ਜਾਤ – ਨੇਮਾਂ ਦੀ ਉਲੰਘਣਾ ਕਰੇ, ਜਾਤ ਤੋੜੇ ਤਾਂ ਉਸ ਨੂੰ ਛੇਕਿਆ ਨਹੀਂ ਜਾਂਦਾ, ਉਸਦਾ ਬਾਈਕਾਟ ਨਹੀਂ ਹੁੰਦਾ ਪਰ ਜੇ ਹਿੰਦੂ, ਜਾਤ ਤੋੜੇ ਤਾਂ ਉਸ ਨੂੰ ਬਰਾਦਰੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਤੀਜਾ ਵੱਡਾ ਫ਼ਰਕ ਇਹ ਹੈ ਕਿ ਗ਼ੈਰਹਿੰਦੂਆਂ ਵਿੱਚ ਜਾਤਪਾਤ ਨੂੰ ਧਾਰਮਿਕ ਪਵਿੱਤਰਤਾ ਵਰਗਾ ਰੁਤਬਾ ਹਾਸਲ ਨਹੀਂ ਪਰ ਹਿੰਦੂਆਂ ਵਿੱਚ ਜਾਤਪਾਤ ਦੀ ਮਾਨਤਾ ਇੱਕ ਧਾਰਮਿਕ ਕਰਤੱਵ ਹੈ। ਗ਼ੈਰ ਹਿੰਦੂਆਂ ਵਿੱਚ ਇਹ ਇੱਕ ਰਸਮ ਜਿਹੀ ਹੈ, ਕੋਈ ਪਵਿੱਤਰ ਸੰਸਥਾ ਨਹੀਂ। ਉਨ੍ਹਾਂ ਨੇ ਇਸਦਾ ਮੁੱਢ ਨਹੀਂ ਬੰਨ੍ਹਿਆਂ। ਜਾਤ ਨੂੰ ਉਹ, ਧਾਰਮਿਕ ਸਿਧਾਂਤ ਨਹੀਂ ਮੰਨਦੇ। ਜੇ ਹਿੰਦੂ, ਜਾਤਪਾਤ ਤੋੜਨਾ ਚਾਹੁਣ ਤਾਂ ਧਰਮ ਉਨ੍ਹਾਂ ਦੇ ਰਾਹ ਵਿੱਚ ਆ ਜਾਂਦਾ ਹੈ, ਗ਼ੈਰ ਹਿੰਦੂਆਂ ਵਿੱਚ ਇਸ ਤਰ੍ਹਾਂ ਨਹੀਂ।
ਜਾਤਪਾਤ ਦਾ ਬੀਜ ਨਾਸ਼/ Annihilation of Caste
13. ਜੀਣਾ ਕਿਸਨੂੰ ਕਹਿੰਦੇ ਹਨ
ਡਾ. ਰਾਧਾ ਕ੍ਰਿਸ਼ਨਨ ਨੇ, ਜੀਵਨ ਦਾ ਹਿੰਦੂ ਦ੍ਰਿਸ਼ਟੀਕੋਣ Hindu View of Life ਵਿੱਚ ਲਿਖਿਆ ਹੈ ਕਿ ਹਿੰਦੂਆਂ ਦਾ ਇਹ ਵਾਧਾ ਹੈ ਕਿ ਚਾਰ ਹਜ਼ਾਰ ਸਾਲ ਤੋਂ ਉਹ ਠੀਕ – ਠਾਕ ਚਲੇ ਆ ਰਹੇ ਹਨ। ਬਾਬਾ ਸਾਹਿਬ ਕਹਿੰਦੇ ਹਨ, ਸਵਾਲ ਇਹ ਨਹੀਂ ਕਿ ਕੋਈ ਸਮੁਦਾਇ ਜਿਊਂਦਾ ਰਹਿੰਦਾ ਹੈ ਜਾਂ ਮਰਦਾ ਹੈ, ਸਵਾਲ ਇਹ ਹੈ ਕਿ ਉਸ ਦਾ ਜੀਵਨ ਪੱਧਰ ਕਿਹੋ ਜਿਹਾ ਰਿਹਾ ਹੈ। ਕੇਵਲ ਜੀਣ ਅਤੇ ਸਹੀ ਮਾਅਨਿਆਂ ਵਿੱਚ ਜੀਣ ਵਿੱਚ ਵੱਡਾ ਅੰਤਰ ਹੈ। ਗੁਲਾਮੀ ਵਾਲੇ ਜੀਣ ਨੂੰ ਵੀ ਤਾਂ ਜੀਣ ਹੀ ਕਹਿੰਦੇ ਹਨ। ਹਿੰਦੂ ਇਹ ਜਾਨਣ ਦਾ ਯਤਨ ਕਰਨ ਕਿ ਉਹ ਕਿੱਦਾਂ ਦਾ ਜੀਵਨ ਜਿਊਂਦੇ ਰਹੇ। ਹਿੰਦੂਆਂ ਦਾ ਜੀਵਨ, ਲਗਾਤਾਰ ਹਾਰਾਂ ਦਾ ਜੀਵਨ ਰਿਹਾ ਹੈ।
ਜਦੋਂ ਤੱਕ ਤੁਸੀਂ ਆਪਣਾ ਧਾਰਮਿਕ ਸਮਾਜਿਕ ਢਾਂਚਾ ਨਹੀਂ ਬਦਲਦੇ, ਤਰੱਕੀ ਨਹੀਂ ਕਰ ਸਕਦੇ। ਜਾਤਪਾਤ ਦੀਆਂ ਨੀਹਾਂ ਉੱਤੇ ਜੋ ਵੀ ਉਸਾਰੋਗੇ, ਢਹਿਢੇਰੀ ਹੋ ਜਾਵੇਗਾ। ਹੁਣ ਸਵਾਲ ਹੈ ਕਿ ਜਾਤਪਾਤ ਦਾ ਖਾਤਮਾ ਕਿਵੇਂ ਹੋਵੇ? ਸਭ ਤੋਂ ਅਹਿਮ ਸਵਾਲ ਇਹੋ ਹੈ। ਕਈ ਕਹਿੰਦੇ ਹਨ ਕਿ ਪਹਿਲਾਂ ਉੱਪ ਜਾਤਾਂ ਨੂੰ ਖਤਮ ਕੀਤਾ ਜਾਵੇ। ਇਹ ਠੀਕ ਨਹੀਂ। ਉਪ ਜਾਤਾਂ ਦੇ ਖਾਤਮੇ ਨਾਲ ਸਗੋਂ ਜਾਤਾਂ ਮਜ਼ਬੂਤ ਹੋਣਗੀਆਂ। ਅੰਤਰ – ਜਾਤੀ ਭੋਜਨ ਅਤੇ ਅੰਤਰ – ਜਾਤੀ ਸ਼ਾਦੀਆਂ ਵੀ ਜਾਤਪਾਤ ਤੋੜਨ ਵਿੱਚ ਸਹਾਈ ਹੋ ਸਕਦੀਆਂ ਹਨ।
14. ਜਾਤਪਾਤ ਦੀ ਪਾਲਣਾ ਕਿਉਂ
ਮੇਰਾ ਇਹ ਵੀ ਮੰਨਣਾ ਹੈ ਕਿ ਸਮਾਜਿਕ ਜ਼ੁਲਮ ਦੇ ਮੁਕਾਬਲੇ, ਰਾਜਨੀਤਕ ਤਸ਼ੱਦਦ ਕੁਝ ਵੀ ਨਹੀਂ ਹੈ। ਜੋ ਸੁਧਾਰਕ, ਸਮਾਜ ਨੂੰ ਵੰਗਾਰਦਾ ਹੈ, ਉਸ ਰਾਜਨੀਤਕ ਨੇਤਾ ਤੋਂ ਕਈ ਗੁਣਾ ਵੱਧ ਹੌਸਲੇ ਵਾਲਾ ਹੈ ਜੋ ਸਰਕਾਰ ਨੂੰ ਵੰਗਾਰਦਾ ਹੈ। ਜਾਤਪਾਤ, ਇੱਟਾਂ – ਪੱਥਰਾਂ ਵਾਂਗੂ ਕੋਈ ਸਥੂਲ ਵਸਤ ਨਹੀਂ ਕਿ ਚੁੱਕੋ ਅਤੇ ਹਟਾ ਦਿਓ। ਇਹ ਇੱਕ ਵਿਚਾਰ ਹੈ। ਮਨ ਦੀ ਸਥਿਤੀ, ਮਨ ਦੀ ਭਾਵਨਾ, ਮਨ ਦਾ ਖਿਆਲ ਹੈ। ਜਾਤਪਾਤ ਖਤਮ ਕਰਨ ਲਈ ਵਿਚਾਰਕ ਤਬਦੀਲੀ ਦੀ ਲੋੜ ਹੈ। ਹਿੰਦੂ, ਜਾਤਪਾਤ ਨੂੰ ਏਸ ਲਈ ਨਹੀਂ ਮੰਨੀ ਤੁਰੇ ਜਾਂਦੇ ਕਿ ਉਹ ਅਣਮਨੁੱਖੀ ਹਨ ਜਾਂ ਉਨ੍ਹਾਂ ਦਾ ਦਿਮਾਗ ਖਰਾਬ ਹੈ। ਉਹ ਜਾਤਪਾਤ ਦੀ ਪਾਲਣਾ ਕਰਦੇ ਹਨ ਕਿਉਂਕਿ ਉਹ ਡੂੰਘੀ ਤਰ੍ਹਾਂ ਧਾਰਮਿਕ ਹਨ। ਜਾਤਪਾਤ ਨੂੰ ਮੰਨਣ ਕਰਕੇ ਲੋਕ ਗਲਤ ਨਹੀਂ ਹਨ। ਮੇਰੇ ਖਿਆਲ ਅਨੁਸਾਰ ਜੋ ਗਲਤ ਹੈ, ਉਹ ਉਨ੍ਹਾਂ ਦਾ ਧਰਮ ਹੈ ਜਿਸਨੇ ਜਾਤਪਾਤ ਦੀ ਧਾਰਣਾ ਉਨ੍ਹਾਂ ਦੇ ਧੁਰ ਅੰਦਰ ਵਿੱਚ ਪੱਕੀ ਤਰ੍ਹਾਂ ਬਿਠਾ ਦਿੱਤੀ ਹੈ। ਜੇ ਇਹ ਸਹੀ ਹੈ ਤਾਂ ਜਾਤਪਾਤ ਮੰਨਣ ਵਾਲਿਆਂ ਨਾਲ ਤੁਸੀਂ ਦੋ ਦੋ ਹੱਥ ਨਹੀਂ ਕਰਨੇ ਬਲਕਿ ਧਰਮ ਸ਼ਾਸ਼ਤਰਾਂ ਦੀ ਖ਼ਬਰ ਲੈਣੀ ਹੈ ਜੋ ਉਨ੍ਹਾਂ ਨੂੰ ਜਾਤਪਾਤ ਦਾ ਧਰਮ ਪੜ੍ਹਾਉਂਦੇ ਹਨ। ਅੰਤਰ – ਜਾਤੀ ਭੋਜਨ ਅਤੇ ਅੰਤਰ – ਜਾਤੀ ਵਿਆਹ ਤਾਂ ਨਿਸ਼ਾਨਾ ਪ੍ਰਾਪਤੀ ਲਈ ਫਜ਼ੂਲ ਦੇ ਤਰੀਕੇ ਹਨ। ਬੱਸ ਸ਼ਾਸਤਰਾਂ ਉੱਤੇ ਆਧਾਰਤ ਗੰਦੀਆਂ ਭਾਵਨਾਵਾਂ ਤੋਂ ਉਨ੍ਹਾਂ ਦੇ ਮਨ ਸਾਫ਼ ਕਰ ਦਿਓ, ਮਸਲਾ ਹੱਲ ਹੋ ਜਾਵੇਗਾ।
ਸੋ ਤੁਸੀਂ ਬੁੱਧ ਅਤੇ ਨਾਨਕ ਵਾਂਗ ਸਟੈਂਡ ਲਓ। ਬੁੱਧ ਅਤੇ ਨਾਨਕ ਵਾਂਗ ਸ਼ਾਸਤਰਾਂ ਦੇ ਅਧਿਕਾਰ ਨੂੰ ਨੱਕਾਰ ਦਿਓ। ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕਿ ਸਮਾਜ ਸੁਧਾਰ ਦੇ ਮਾਮਲੇ ਵਿੱਚ ਇੱਕ ਬ੍ਰਾਹਮਣ, ਕ੍ਰਾਂਤੀਕਾਰੀ ਨਹੀਂ ਹੋ ਸਕਦਾ। ਇਹ ਵੀ ਸੱਚ ਹੈ ਕਿ ਬ੍ਰਾਹਮਣ ਹੀ ਹਿੰਦੂਆਂ ਦਾ ਬੁੱਧੀਜੀਵੀ ਵਰਗ ਹੈ। ਜੇ ਇਹ ਬੁੱਧੀਜੀਵੀ ਵਰਗ ਹੀ ਜਾਤੀ ਵਿਵਸਥਾ ਤੋੜਨ ਦਾ ਵਿਰੋਧੀ ਹੈ ਤਾਂ ਸਫਲਤਾ ਦੀ ਆਸ ਹੀ ਨਹੀਂ। ਜਾਤਪਾਤ ਅਧੀਨ ਵੱਖ – ਵੱਖ ਸਮੁਦਾਵਾਂ ਦੇ ਲੋਕ, ਇੱਕ ਦੂਜੇ ਦੇ ਉੱਤੇ ਥੱਲੇ ਹਨ। ਹਰ ਜਾਤ ਨੂੰ ਤਸੱਲੀ ਹੈ ਕਿ ਉਹ ਕਿਸੇ ਨਾ ਕਿਸੇ ਨਾਲੋਂ ਤਾਂ ਉੱਪਰ ਹੈ। ਇਸੇ ਕਾਰਨ ਜਾਤ ਪ੍ਰਣਾਲੀ ਦੇ ਵਿਰੁੱਧ ਇੱਕ ਸਾਂਝਾ ਮੋਰਚਾ ਸੰਗਠਨ ਕਰਨਾ ਅਸੰਭਵ ਹੋ ਗਿਆ ਹੈ।
15. ਤਰਕ ਅਤੇ ਦਲੀਲ
ਕੀ ਤੁਸੀਂ ਹਿੰਦੂਆਂ ਨੂੰ ਕਹਿ ਸਕਦੇ ਹੋ ਕਿ ਤਰਕ ਦਲੀਲ ਦੇ ਆਧਾਰ ਉੱਤੇ ਹੀ ਜਾਤਪਾਤ ਨੂੰ ਤਿਆਗ ਦਿਓ। ਸਵਾਲ ਹੈ, ਕੀ ਹਿੰਦੂ, ਤਰਕ ਕਰਨ ਲਈ ਆਜ਼ਾਦ ਹੈ? ਮੈਨੂੰ ਨੇ ਤਰਕ ਦੀ ਗੁੰਜਾਇਸ਼ ਹੀ ਕਿੱਥੇ ਰਹਿਣ ਦਿੱਤੀ ਹੈ? ਹਿੰਦੂ ਲਈ ਮੈਨੂੰ ਦਾ ਫੁਰਮਾਨ ਹੈ, ਵੇਦ ਸਿਮ੍ਰਤੀ ਜਾਂ ਸਦਾਚਾਰ ਨੂੰ ਹੀ ਮੰਨਣਾ ਹੈ, ਹੋਰ ਕਿਸੇ ਚੀਜ਼ ਨੂੰ ਨਹੀਂ। ਇਹ ਸਪੱਸ਼ਟ ਕਰਨਾ ਵੀ ਜਰੂਰੀ ਹੈ ਕਿ ਇੱਥੇ ਸਦਾਚਾਰ ਦਾ ਮਤਲਬ ਚੰਗੇ ਨੇਕ ਅਮਲ ਨਹੀਂ ਬਲਕਿ ਪ੍ਰਾਚੀਨ ਰਸਮੋ – ਰਿਵਾਜ ਹੈ ਜੋ ਚਾਹੇ ਚੰਗਾ ਹੈ ਚਾਹੇ ਮਾੜਾ, ਮੰਨਣਾ ਹੀ ਮੰਨਣਾ ਹੈ। ਇੱਕ ਸੁਧਾਰਕ ਲੋਕ ਤਰਕ ਅਤੇ ਨੈਤਿਕਤਾ ਦੋ ਹੀ ਸ਼ਕਤੀਸ਼ਾਲੀ ਹਥਿਆਰ ਹੁੰਦੇ ਹਨ ਪਰ ਸ਼ਰਤੀਆਂ ਅਤੇ ਸਿਮਰਤੀਆਂ ਨੇ ਇਨ੍ਹਾਂ ਦੋ ਅਧਾਰਾਂ ਦੀ ਗੁੰਜਾਇਸ਼ ਵੀ ਨਹੀਂ ਰਹਿਣ ਦਿੱਤੀ?
16. ਕੀ ਕੋਈ ਹਿੰਦੂ ਧਰਮ ਹੈ ਵੀ?
- ਇਹ ਹਿੰਦੂ ਧਰਮ ਕੀ ਹੈ? ਹੁਕਮਾਂ ਆਦੇਸ਼ਾਂ ਮਨਾਹੀਆਂ ਦਾ ਸੰਗ੍ਰਹਿ ਹੈ। ਪਸ਼ੂ ਬਲੀ ਦੇਣ ਅਤੇ ਸਮਾਜਿਕ ਰਾਜਨੀਤਕ ਗੱਲਾਂ ਰਲਗੱਡ ਹਨ। ਵੇਦਾਂ ਵਿੱਚ ਧਰਮ ਦਾ ਭਾਵ ਧਾਰਮਿਕ ਰਸਮਾਂ ਆਦਿ ਹੀ ਹੈ। ਇਸੇ ਲਈ ਮੈਂ ਕਹਿੰਦਾ ਹਾਂ ਕਿ ਐਸੇ ਧਰਮ ਨੂੰ ਖਤਮ ਕਰਨ ਵਿੱਚ ਕੁਝ ਵੀ ਅਧਾਰਮਿਕ ਨਹੀਂ ਹੈ। ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਹਿੰਦੂਆਂ ਦਾ ਧਰਮ, ਧਰਮ ਨਹੀਂ ਹੈ, ਨੇਮ ਹਨ, ਕਾਨੂੰਨ ਹਨ ਅਤੇ ਜੇ ਕਾਨੂੰਨ ਲਾਹੇਵੰਦ ਨਾ ਹੋਣ, ਪ੍ਰਸੰਗਿਕ ਨਾ ਹੋਣ ਤਾਂ ਬਦਲੇ ਜਾ ਸਕਦੇ ਹਨ।
ਜਦੋਂ ਮੈਂ ਹੁਕਮਾਂ ਮਨਾਹੀਆਂ ਨੇਮਾਂ ਰਸਮਾਂ ਦੇ ਧਰਮ ਦੀ ਨਿੰਦਾ ਕਰਦਾ ਹਾਂ, ਮੇਰਾ ਇਹ ਭਾਵ ਹਰਗਿਜ਼ ਨਹੀਂ ਕਿ ਧਰਮ ਦੀ ਲੋੜ ਹੀ ਨਹੀਂ ਹੈ। ਮੈਂ ਬਰਕ ਦੇ ਇਸ ਕਥਨ ਨਾਲ ਸਹਿਮਤ ਹਾਂ ਕਿ ਸੱਚਾ ਧਰਮ, ਸਮਾਜ ਦੀ ਨੀਂਹ ਹੁੰਦਾ ਹੈ। ਧਰਮ ਹੋਵੇ, ਮਾਨਵੀ ਅਸੂਲਾਂ ਦਾ ਧਰਮ ਹੋਵੇ। ਮੇਰੀ ਰਾਇ ਅਨੁਸਾਰ ਹਿੰਦੂਆਂ ਦੇ ਧਰਮ – ਸੁਧਾਰ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹੋਣ—(1) ਸਾਰੇ ਹਿੰਦੂਆਂ ਨੂੰ ਮਾਨਤਾ ਪ੍ਰਾਪਤ ਇੱਕ ਹੀ ਧਰਮ ਗਰੰਥ ਹੋਵੇ। ਪਹਿਲਾਂ ਦੇ ਸਾਰੇ ਵੇਦ ਸ਼ਾਸਤਰ ਪੁਰਾਣ ਰੱਦ ਕੀਤੇ ਜਾਣ। (2) ਪ੍ਰੋਹਿਤਪੁਣਾਂ, ਖ਼ਾਨਦਾਨੀ ਨਹੀਂ ਹੋਣਾ ਚਾਹੀਦਾ ਬਲਕਿ ਬਕਾਇਦਾ ਇਮਤਿਹਾਨ ਪਾਸ ਕੋਈ ਵੀ ਹਿੰਦੂ, ਪ੍ਰੋਹਿਤ ਹੋ ਸਕਦਾ ਹੋਵੇ ਅਤੇ ਹੋਰਾਂ ਵਾਂਗ ਰਾਜ ਸਰਕਾਰ ਦਾ ਕਰਮਚਾਰੀ ਹੋਵੇ। ਅਜਿਹੇ ਪੁਜਾਰੀ ਦੀਆਂ ਰਸਮਾਂ ਨੂੰ ਹੀ ਮਾਨਤਾ ਪ੍ਰਾਪਤ ਹੋਵੇ ਹੋਰ ਕਿਸੇ ਪੁਜਾਰੀ ਦੀਆਂ ਕੀਤੀਆਂ ਰਸਮਾਂ ਨੂੰ ਅਵੈਧ ਕਰਾਰ ਦਿੱਤਾ ਜਾਵੇ। ਪੁਜਾਰੀਆਂ ਦੀ ਗਿਣਤੀ ਨਿਰਧਾਰਤ ਕੀਤੀ ਜਾਵੇ। ਹੁਣ ਹਾਲ ਇਹ ਹੈ ਕਿ ਪ੍ਰੋਹਿਤਪੁਣਾਂ ਹੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਕਾਬਲੀਅਤ ਦੀ ਲੋੜ ਨਹੀਂ। ਪ੍ਰੋਹਿਤ ਦੇ ਅਧਿਕਾਰ ਹੀ ਅਧਿਕਾਰ ਹਨ, ਫਰਜ਼ ਕੋਈ ਨਹੀਂ। ਇਸ ਤਰ੍ਹਾਂ ਬ੍ਰਾਹਮਣਵਾਦ ਅਤੇ ਜਾਤਪਾਤ ਨੂੰ ਮਾਰਨ ਵਿੱਚ ਮੱਦਦ ਮਿਲੇਗੀ। ਜੇ ਤੁਸੀਂ ਬ੍ਰਾਹਮਣਵਾਦ ਨੂੰ ਖਤਮ ਕਰ ਦਿਓ, ਹਿੰਦੂਇਜ਼ਮ ਨੂੰ ਬਚਾਉਣ ਵਿੱਚ ਸਹਾਇਤਾ ਹੋ ਸਕਦੀ ਹੈ।
ਜਾਤਪਾਤ ਦਾ ਬੀਜ ਨਾਸ਼/ Annihilation of Caste
17. ਆਖਰੀ ਭਾਸ਼ਣ
ਹਿੰਦੂ ਸਰੋਤਿਆਂ ਲਈ, ਹਿੰਦੂਆਂ ਨਾਲ ਸਬੰਧਤ ਇਸ ਵੱਡੇ ਮਸਲੇ ਬਾਰੇ, ਸੰਭਵ ਹੈ ਇਹ ਮੇਰਾ ਆਖਰੀ ਭਾਸ਼ਣ ਹੋਵੇ। ਹਿੰਦੂ ਆਪਣੇ ਧਰਮ ਅਤੇ ਨੈਤਿਕਤਾ ਨੂੰ ਜੀਵਨ ਸ਼ੈਲੀ ਦੇ ਦ੍ਰਿਸ਼ਟੀਕੋਣ ਤੋਂ ਪਰਖਣ, ਇਤਿਹਾਸਕ ਤੌਰ ਉੱਤੇ ਉਨ੍ਹਾਂ ਦਾ ਜੀਣ ਪੱਧਰ ਕਿਸ ਤਰ੍ਹਾਂ ਦਾ ਰਿਹਾ, ਇਸ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ। ਦੂਜਾ, ਹਿੰਦੂਆਂ ਨੂੰ ਚਾਹੀਦਾ ਹੈ, ਸੋਚਣ ਕਿ ਆਪਣੇ ਪ੍ਰਾਚੀਨ ਵਿਰਸੇ ਵਿੱਚੋਂ ਕੀ ਰੱਖਿਆ ਜਾਵੇ, ਕੀ ਛਾਂਟਿਆ ਜਾਵੇ ਤਾਂ ਕਿ ਆਉਣ ਵਾਲਾ ਸਮਾਜ ਚੰਗਾ ਸਮਾਜ ਬਣੇ। ਤੀਜਾ, ਹਿੰਦੂ ਸੋਚਣ ਕਿ ਕੀ ਬੀਤੇ ਸਮੇਂ ਦੇ ਵਿਚਾਰਾਂ ਨੂੰ ਆਦਰਸ਼ਾਂ ਵਜੋਂ ਪੂਜੀ ਜਾਣਾ ਹੈ? ਚੌਥਾ, ਹਿੰਦੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਕੁਝ ਵੀ ਸਥਾਈ ਨਹੀਂ ਹੈ। ਹਰ ਚੀਜ਼ ਬਦਲ ਰਹੀ ਹੈ। ਤਬਦੀਲੀ, ਕੁਦਰਤ ਦਾ ਨੇਮ ਹੈ। ਬਦਲ ਰਹੇ ਸਮਾਜ ਅੰਦਰ ਸਮਾਜਿਕ ਕਦਰਾਂ ਕੀਮਤਾਂ ਵਿੱਚ ਤਬਦੀਲੀ ਜਰੂਰੀ ਹੈ।
ਅੰਤ ਵਿੱਚ ਕਹਿਣਾ ਚਾਹਾਂਗਾ ਕਿ ਜਾਤਪਾਤ ਖਾਤਮੇ ਦਾ ਕੰਮ ਸਵਰਾਜ ਪ੍ਰਾਪਤੀ ਦੇ ਕੰਮ ਨਾਲੋਂ ਵੀ ਵੱਧ ਮਹੱਤਵ ਦਾ ਹੈ। ਉਸ ਸਵਰਾਜ ਦਾ ਵੀ ਕੀ ਲਾਭ ਜੇ ਤੁਸੀਂ ਉਸ ਨੂੰ ਬਚਾ ਨਹੀਂ ਸਕਦੇ। ਸਵਰਾਜ ਨੂੰ ਬਚਾਉਂਣ ਤੋਂ ਵੀ ਵੱਧ ਅਹਿਮ ਸਵਾਲ, ਹਿੰਦੂਆਂ ਨੂੰ ਬਚਾਉਣ ਦਾ ਸਵਾਲ ਹੈ। ਮੇਰੀ ਰਾਇ ਅਨੁਸਾਰ, ਜੇ ਹਿੰਦੂ ਸਮਾਜ, ਜਾਤ – ਰਹਿਤ ਸਮਾਜ ਬਣ ਜਾਵੇ ਤਾਂ ਇਸ ਵਿੱਚ ਆਪਣੀ ਰੱਖਿਆ ਆਪ ਕਰਨ ਦੀ ਤਾਕਤ, ਆਪਣੇ ਆਪ ਆ ਜਾਵੇਗੀ। ਇਸ ਤਰ੍ਹਾਂ ਦੀ ਅੰਦਰੂਨੀ ਸਮਰੱਥਾ ਤੋਂ ਬਿਨਾਂ ਹਿੰਦੂਆਂ ਲਈ ਸਵਰਾਜ, ਗੁਲਾਮੀ ਵਲ ਹੀ ਇੱਕ ਕਦਮ ਹੋਵੇਗਾ।
ਜਾਤਪਾਤ ਦਾ ਬੀਜ ਨਾਸ਼/ Annihilation of Caste
18. ਗਾਂਧੀ ਦੁਆਰਾ ਜਾਤਪਾਤ ਦੀ ਪੁਸ਼ਟੀ ਕਰਨਾ
ਗਾਂਧੀ ਨੇ ਆਪਣੇ ਹਫ਼ਤਵਾਰੀ ਅਖ਼ਬਾਰ ਹਰੀਜਨ 11 ਜੁਲਾਈ 1936 ਵਿੱਚ ਜਾਤਪਾਤ ਦੀ ਪੁਸ਼ਟੀ ਕੀਤੀ ਅਤੇ ਲਿਖਿਆ, ਕਾਨਫਰੰਸ ਮੁਲਤਵੀ ਕਰਨ ਨਾਲ ਲੋਕ ਡਾ. ਅੰਬੇਡਕਰ ਦੇ ਮੂਲ ਵਿਚਾਰ ਸੁਣਨ ਤੋਂ ਵਾਂਝੇ ਰਹਿ ਗਏ ਹਨ। ਡਾ. ਅੰਬੇਡਕਰ ਨੇ ਸਮਾਜ ਅੰਦਰ ਆਪਣੀ ਅਨੂਠੀ ਬੇਜੋਡ਼ ਜਗ੍ਹਾ ਬਣਾ ਲਈ ਹੈ। ਭਵਿੱਖ ਵਿੱਚ ਉਨ੍ਹਾਂ ਬਾਰੇ ਚਾਹੇ ਜੋ ਵੀ ਕਿਹਾ ਜਾਵੇ, ਡਾ. ਅੰਬੇਡਕਰ ਨੂੰ ਭੁਲਾਇਆ ਨਹੀਂ ਜਾ ਸਕਦਾ। ਕੋਈ ਵੀ ਸੁਧਾਰਵਾਦੀ ਉਨ੍ਹਾਂ ਦੇ ਇਸ ਭਾਸ਼ਣ ਨੂੰ ਅੱਖੋਂ ਉਹਲੇ ਨਹੀਂ ਕਰ ਸਕਦਾ। ਡਾ. ਅੰਬੇਡਕਰ, ਹਿੰਦੂਇਜ਼ਮ ਲਈ ਇੱਕ ਚਣੌਤੀ ਹੈ, ਇੱਕ ਵੰਗਾਰ ਹੈ।
18 ਜੁਲਾਈ 1936 ਦੇ ਅੰਕ ਵਿੱਚ ਗਾਂਧੀ ਨੇ ਲਿਖਿਆ, ਵੇਦ ਉਪਨਿਸ਼ਦ ਸਿਮਰਤੀਆਂ ਪੁਰਾਣ ਰਾਮਾਇਣ ਮਹਾਂਭਾਰਤ, ਹਿੰਦੂ ਧਰਮ ਸ਼ਾਸਤਰ ਹਨ। ਜਾਤਪਾਤ ਦਾ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਮੈਨੂੰ ਇਸਦੇ ਮੁੱਢ ਬਾਰੇ ਪਤਾ ਨਹੀਂ ਅਤੇ ਨਾ ਹੀ ਇਹ ਜਾਨਣਾ ਚਾਹੁੰਦਾ ਹਾਂ ਪ੍ਰੰਤੂ ਇਹ ਮੰਨਦਾ ਹਾਂ ਕਿ ਜਾਤਪਾਤ, ਅਧਿਆਤਮਿਕ ਅਤੇ ਕੌਮੀ ਵਿਕਾਸ ਲਈ ਨੁਕਸਾਨਦੇਹ ਹੈ। ਵਰਣ ਅਤੇ ਆਸ਼ਰਮ ਸੰਸਥਾਵਾਂ ਦਾ ਜਾਤਾਂ ਨਾਲ ਕੋਈ ਲੈਣ ਦੇਣ ਨਹੀਂ। ਵਰਣ ਵਿਵਸਥਾ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅਸਾਂ ਹਰੇਕ ਨੇ ਆਪਣੇ ਖ਼ਾਨਦਾਨੀ ਕਿੱਤੇ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ। ਇਹ ਸਾਡੇ ਹੱਕਾਂ ਨੂੰ ਨਹੀਂ, ਫਰਜ਼ਾਂ ਨੂੰ ਪ੍ਰੀਭਾਸ਼ਤ ਕਰਦੀ ਹੈ।
19. ਸੰਤ ਰਾਮ ਬੀ. ਏ.ਲਿਖਦੇ ਹਨ
15 ਅਗਸਤ 1936 ਦੇ ਅੰਕ ਵਿੱਚ ਗਾਂਧੀ ਜੀ ਲਿਖਦੇ ਹਨ, ਜਾਤਪਾਤ ਤੋੜਕ ਮੰਡਲ ਲਾਹੌਰ ਦੇ ਸ੍ਰੀ ਸੰਤ ਰਾਮ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਇਹ ਵਿਚਾਰ ਵੀ ਛਾਪਾਂ, ਸਾਨੂੰ ਡਾ. ਅੰਬੇਡਕਰ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਹਿੰਦੂਆਂ ਲਈ, ਬਤੌਰ ਇੱਕ ਹਿੰਦੂ ਇਹ ਉਨ੍ਹਾਂ ਦਾ ਆਖਰੀ ਭਾਸ਼ਣ ਸੀ। ਫੇਰ ਵੀ ਉਨ੍ਹਾਂ ਦਾ ਭਾਸ਼ਣ ਪ੍ਰਸ਼ੰਸਾ ਦੇ ਕਾਬਲ ਹੈ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਗਾਂਧੀ ਜੀ, ਜਾਤ ਅਤੇ ਵਰਣ ਨੂੰ ਰਲਗੱਡ ਕਰਕੇ ਤੁਸੀਂ ਲੋਕਾਂ ਵਿੱਚ ਭੁਲੇਖਾ ਪਾ ਰਹੇ ਹੋ। ਵਰਣ ਵਿਵਸਥਾ ਦੀ ਜੜ੍ਹ ਨੂੰ ਉਖਾੜੇ ਬਗੈਰ, ਛੂਤਛਾਤ ਹਟਾਉਂਣ ਦੀ ਕੋਸ਼ਿਸ਼ ਕਰਨੀ, ਪਾਣੀ ਵਿੱਚ ਲੀਕਾਂ ਮਾਰਨ ਵਾਲੀ ਗੱਲ ਹੈ। ਛੂਤਛਾਤ ਅਤੇ ਜਾਤਪਾਤ ਖਤਮ ਕਰਨ ਲਈ, ਸ਼ਾਸਤਰਾਂ ਦੀ ਮੱਦਦ ਲੈਣਾ, ਚਿੱਕੜ ਨਾਲ ਚਿੱਕੜ ਧੋਣ ਵਾਂਗ ਹੈ।
ਜਾਤਪਾਤ ਦਾ ਬੀਜ ਨਾਸ਼/ Annihilation of Caste
20. ਜਾਤ ਵਰਣ ਤੋਂ ਬਿਨਾਂ ਹਿੰਦੂ ਕਾਹਦਾ
ਗਾਂਧੀ ਜੀ ਲਿਖਦੇ ਹਨ, ਜਾਤਪਾਤ ਤੋੜਕ ਮੰਡਲ ਤੋਂ ਇਹ ਪੁੱਛਣਾ ਵਾਜਬ ਹੋਵੇਗਾ ਕਿ ਜੇ ਇਸ ਦਾ ਸ਼ਾਸਤਰਾਂ ਵਿੱਚ ਵਿਸ਼ਵਾਸ ਨਹੀਂ ਤਾਂ ਹੋਰ ਕਾਹਦੇ ਵਿੱਚ ਹੈ। ਜੇ ਮੁਸਲਮਾਨ, ਕੁਰਾਨ ਨੂੰ ਨਹੀਂ ਮੰਨਦਾ, ਈਸਾਈ, ਬਾਈਬਲ ਨੂੰ ਨਹੀਂ ਮੰਨਦਾ ਤਾਂ ਉਹ ਮੁਸਲਮਾਨ ਜਾਂ ਈਸਾਈ ਕਿਵੇਂ ਹੋ ਸਕਦਾ ਹੈ? ਜੇ ਜਾਤਪਾਤ ਅਤੇ ਵਰਣ ਇੱਕ ਹੀ ਗੱਲ ਹਨ ਅਤੇ ਵਰਣ, ਸ਼ਾਸਤਰਾਂ ਦਾ ਅਨਿੱਖੜਵਾਂ ਅੰਗ ਹੈ, ਸ਼ਾਸਤਰ ਜੋ ਹਿੰਦੂਇਜ਼ਮ ਨੂੰ ਪ੍ਰੀਭਾਸ਼ਤ ਕਰਦੇ ਹਨ, ਸਮਝ ਨਹੀਂ ਆਉਂਦੀ ਖਿ ਜੋ ਮਨੁੱਖ ਜਾਤ ਭਾਵ ਵਰਣ ਤੋਂ ਮੁਨਕਰ ਹੁੰਦਾ ਹੈ, ਹਿੰਦੂ ਕਿਵੇਂ ਕਹਾ ਸਕਦਾ ਹੈ?
21. ਡਾ. ਅੰਬੇਡਕਰ ਦੁਆਰਾ ਮਹਾਤਮਾਂ ਨੂੰ ਉੱਤਰ
ਆਪਣੇ ਭਾਸ਼ਣ ਅੰਦਰ ਮੈਂ ਮੁੱਖ ਰੂਪ ਵਿੱਚ ਹੇਠ ਲਿਖੇ ਨੁਕਤੇ ਉਭਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ, ਅਫਸੋਸ ਹੈ, ਗਾਂਧੀ ਨੇ ਆਪਣੇ ਪ੍ਰਤੀਕਰਮ ਵਿੱਚ ਛੋਹਿਆ ਤੱਕ ਨਹੀਂ-
(1) ਜਾਤਪਾਤ ਨੇ ਹਿੰਦੂਆਂ ਨੂੰ ਤਬਾਹ ਕੀਤਾ ਹੈ
(2) ਚਤੁਰ ਵਰਣ, ਵਰਣ ਵਿਵਸਥਾ ਉੱਤੇ ਅਧਾਰਤ ਹਿੰਦੂ ਸਮਾਜ ਦਾ ਪੁਨਰਗਠਨ, ਜਾਤਪਾਤ ਨੂੰ ਖਤਮ ਨਹੀਂ ਕਰ ਸਕਦਾ।
(3) ਹਿੰਦੂ ਸਮਾਜ ਦਾ ਪੁਨਰ ਨਿਰਮਾਣ, ਧਾਰਮਿਕ ਆਧਾਰ ਉੱਤੇ ਹੀ ਹੋਵੇ ਅਤੇ ਇਹ ਧਾਰਮਿਕ ਆਧਾਰ, ਆਜ਼ਾਦੀ ਬਰਾਬਰੀ ਭਾਈਚਾਰੇ ਦੇ ਅਸੂਲਾਂ ਨੂੰ ਪੂਰਨ ਮਾਨਤਾ ਦੇਵੇ।
(4) ਜਾਤ ਵਰਣ ਦੀ ਸਮਰਥਕ, ਧਾਰਮਿਕ ਪਵਿੱਤਰਤਾ ਦੀ ਭਾਵਨਾ ਦਾ ਨਾਸ ਕੀਤਾ ਜਾਵੇ।
(5) ਜਾਤ ਵਰਣ ਦੀ ਪਵਿੱਤਰਤਾ ਦੀ ਭਾਵਨਾ, ਸ਼ਾਸਤਰਾਂ ਦੇ ਦੈਵੀ ਸ਼ਕਤੀ ਵਜੋਂ ਮੁਨਕਰ ਹੋਣ ਤੇ ਹੀ ਖ਼ਤਮ ਕੀਤੀ ਜਾ ਸਕਦੀ ਹੈ।
(6) ਮੇਰੇ ਅਧਿਅਨ ਅਨੁਸਾਰ, ਜਾਤਪਾਤ ਅਤੇ ਛੂਤਛਾਤ ਦੇ ਖਿਲਾਫ ਸੰਤਾਂ ਨੇ ਕਦੇ ਵੀ ਬਾਕਾਇਦਾ ਮੁਹਿੰਮ ਨਹੀਂ ਵਿੱਢੀ। ਮਨੁੱਖਾਂ ਮਨੁੱਖਾਂ ਦਰਮਿਆਨ ਸੰਘਰਸ਼ ਤੋਂ ਉਹ ਬੇਖਬਰ ਰਹੇ। ਉਨ੍ਹਾਂ ਨੇ, ਮਨੁੱਖ ਤੇ ਰੱਬ ਦੇ ਸਬੰਧਾਂ ਦੀ ਹੀ ਗੱਲ ਕੀਤੀ। ਉਨ੍ਹਾਂ ਇਹ ਨਹੀਂ ਕਿਹਾ ਕਿ ਸਾਰੇ ਮਨੁੱਖ ਬਰਾਬਰ ਹਨ। ਉਨ੍ਹਾਂ ਨੇ ਤਾਂ ਇਹ ਕਿਹਾ, ਪ੍ਰਮਾਤਮਾਂ ਦੀ ਨਿਗਾਹ ਵਿੱਚ ਸਾਰੇ ਮਨੁੱਖ ਬਰਾਬਰ ਹਨ।
ਗਾਂਧੀ ਜੀ, ਹੋਰਨਾਂ ਨੂੰ ਵਰਣ ਵਿਵਸਥਾ ਦੀ ਨਸੀਹਤ ਦਿੰਦੇ ਹਨ ਪਰ ਜਨਮ ਤੋਂ ਬਾਣੀਆਂ ਹੋਣ ਦੇ ਬਾਵਜੂਦ ਗਾਂਧੀ ਦੇ ਬਜ਼ੁਰਗਾਂ ਨੇ ਵਿਓਪਾਰ ਛੱਡ ਕੇ ਮੰਤਰੀ ਪਦ ਗ੍ਰਹਿਣ ਕੀਤੇ ਜੋ ਬ੍ਰਾਹਮਣਾਂ ਦਾ ਅਧਿਕਾਰ ਸੀ। ਗਾਂਧੀ ਨੇ ਖ਼ੁਦ ਤੱਕੜੀ ਛੱਡ ਕੇ ਕਾਨੂੰਨ (ਵਕੀਲ ਬਣਨ) ਨੂੰ ਪਹਿਲ ਦਿੱਤੀ। ਲਾਅ ਛੱਡ ਕੇ ਵੀ ਉਹ ਅੱਧੇ ਸੰਤ ਅਤੇ ਅੱਧੇ ਰਾਜਨੀਤਕ ਨੇਤਾ ਬਣ ਗਏ।
ਵਰਣ ਅਤੇ ਜਾਤ, ਦੋ ਅਲੱਗ ਅਲੱਗ ਵਿਚਾਰ ਹਨ। ਵਰਣ ਦਾ ਆਧਾਰ ਯੋਗਤਾ ਅਨੁਸਾਰ ਹੈ ਜਦੋਂ ਕਿ ਜਾਤ ਦਾ ਆਧਾਰ ਜਨਮ ਤੋਂ ਹੈ।
ਮੈਂ, ਹਿੰਦੂਆਂ ਅਤੇ ਹਿੰਦੂਇਜ਼ਮ ਤੋਂ ਨਿਰਾਸ਼ ਹਾਂ ਕਿਉਂਕਿ ਉਨ੍ਹਾਂ ਦੇ ਆਦਰਸ਼ ਗਲਤ ਹਨ ਅਤੇ ਉਹ ਗਲਤ ਸਮਾਜਿਕ ਜੀਵਨ ਜਿਊਂਦੇ ਹਨ। ਹਿੰਦੂਆਂ ਨਾਲ ਮੇਰਾ ਝਗੜਾ ਉਨ੍ਹਾਂ ਦੇ ਗਲਤ ਆਦਰਸ਼ਾਂ, ਗਲਤ ਕਦਰਾਂ – ਕੀਮਤਾਂ, ਗਲਤ ਤਰਜੀਹਾਂ ਕਰਕੇ ਹੈ।
ਮਹਾਤਮਾਂ, ਜਾਤ ਅਤੇ ਵਰਣ ਦੇ ਏਸ ਲਈ ਸਮਰਥਕ ਹਨ ਕਿਉਂਕਿ ਇਨ੍ਹਾਂ ਦਾ ਵਿਰੋਧ ਕਰਨ ਤੇ ਰਾਜਨੀਤੀ ਵਿੱਚ ਉਹ ਆਪਣੀ ਥਾਂ ਗੁਆ ਬੈਠਣਗੇ। ਵਰਣ ਦੇ ਨਾਂ ਹੇਠਾਂ ਜਾਤਪਾਤ ਦਾ ਪ੍ਰਚਾਰ, ਸਮਰਥਨ ਕਰਕੇ, ਗਾਂਧੀ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਮੈਥਿਊ ਅਰਨੌਲਡ ਦੇ ਸ਼ਬਦਾਂ ਵਿੱਚ, ਹਿੰਦੂ ਇੱਕ ਦੁਨੀਆਂ ਤੋਂ ਦੂਜੀ ਦੁਨੀਆਂ ਵਿੱਚ ਭਟਕ ਰਹੇ ਹਨ, ਇੱਕ ਦੁਨੀਆਂ ਜੋ ਖਤਮ ਹੋ ਚੁੱਕੀ ਹੈ, ਦੂਜੀ ਅਜੇ ਪੈਦਾ ਨਹੀਂ ਹੋਈ।
ਮਹਾਤਮਾਂ, ਜਿਸ ਕੋਲੋਂ ਹਿੰਦੂ, ਅਗਵਾਈ ਦੀ ਆਸ ਰੱਖਦੇ ਹਨ, ਸੋਚਣ ਸਮਝਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਅਜਿਹੀ ਅਗਵਾਈ ਨਹੀਂ ਦੇ ਸਕਦੇ ਜੋ ਅਨੁਭਵ ਦੀ ਕਸੌਟੀ ਉੱਤੇ ਖਰੀ ਉੱਤਰ ਸਕੇ। ਬੁੱਧੀਜੀਵੀ ਵਰਗ ਜਿਨ੍ਹਾਂ ਵੱਲ ਲੋਕ, ਅਗਵਾਈ ਲਈ ਦੇਖਦੇ ਹਨ, ਜਾਂ ਤਾਂ ਬੇਈਮਾਨ ਹੈ, ਜਾਂ ਸਹੀ ਦਿਸ਼ਾ ਦੱਸਣ ਦੀ ਲੋੜ ਹੀ ਨਹੀਂ ਸਮਝਦਾ। ਸਾਡੇ ਸਮਿਆਂ ਦਾ ਇਹ ਵੱਡਾ ਦੁਖਾਂਤ ਹੈ।
Loading Likes...ਬਾਬਾ ਸਾਹਿਬ ਦਾ ਇਹ ਭਾਸ਼ਣ ਹਿੰਦੂਆਂ ਨੂੰ ਸੰਬੋਧਿਤ ਹੈ, ਦੂਜਿਆਂ ਨੂੰ ਨਹੀਂ। ਜਾਤਪਾਤ ਬਾਰੇ ਉਨ੍ਹਾਂ ਦੇ ਇਹ ਆਦੇਸ਼, ਹਿੰਦੂਆਂ ਦੁਆਰਾ ਆਪਣੇ ਉੱਤੇ ਲਾਗੂ ਕੀਤੇ ਜਾਣੇ ਬਣਦੇ ਹਨ। ਜਾਤਪਾਤ ਦੀ ਅਣਗੌਲੀ ਸਮੱਸਿਆ ਦੇ ਸਾਰੇ ਸੰਭਵ ਪੱਖਾਂ ਉੱਤੇ ਇਹ ਉਨ੍ਹਾਂ ਦਾ ਕਮਾਲ ਦਾ ਦਸਤਾਵੇਜ਼ ਹੈ।
ਹਵਾਲਾ :
ਅੰਬੇਡਕਰ ਵਿਚਾਰ ਦਰਸ਼ਨ
ਲੇਖਕ/ ਸੰਪਾਦਕ : ਸੋਹਣ ਸਹਿਜਲ