ਡਾ ਬੀ.ਆਰ.ਅੰਬੇਡਕਰ (ਭਾਗ-2)
13 ਅਕਤੂਬਰ 1935 ਨੂੰ ਬਾਬਾ ਸਾਹਿਬ ਨੇ ਇੱਕ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਕਿ “ਮੈਂ ਹਿੰਦੂ ਪੈਦਾ ਹੋਇਆ ਹਾਂ ਪਰ, ਹਿੰਦੂ ਮਰਾਂਗਾ ਨਹੀਂ”।
ਬਾਬਾ ਸਾਹਿਬ ਜੀ ਆਪਣੇ ਭਾਸ਼ਣ ਵਿਚ ਹਮੇਸ਼ਾ ਦਲਿਤ ਲੋਕਾਂ ਨੂੰ ਪੜ੍ਹ ਲਿੱਖ ਕੇ ਇੱਕਠੇ ਹੋ ਕੇ ਸੰਘਰਸ਼ ਕਰਨ ਦੀ ਸਿੱਖਿਆ ਦਿੰਦੇ ਰਹੇ।
ਫਰਵਰੀ 1946 ਵਿੱਚ ਬਾਬਾ ਸਾਹਿਬ ਜੀ ਨੇ ਮਜ਼ਦੂਰਾਂ ਦਾ ਦੱਸ ਘੰਟੇ ਦਾ ਦਿਨ ਘਟਾ ਕੇ ਅੱਠ ਘੰਟੇ ਦਾ ਦਿਨ ਕਰਨ ਵਾਲਾ ਮਹੱਤਵਪੂਰਨ ਬਿੱਲ ਪਾਸ ਕਰਵਾ ਲਿਆ।
20 ਜੁਲਾਈ 1946 ਨੂੰ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ । 15 ਅਗਸਤ 1947 ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਬੰਬਈ ਮੰਡਲ ਦੁਵਾਰਾ ਸੰਵਿਧਾਨ ਸਭਾ ਦੇ ਮੈਂਬਰ ਚੁਣ ਕੇ ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ। ਆਪ ਸੰਵਿਧਾਨ ਦੇ ਨਿਰਮਾਤਾ ਕਹਿਲਾਏ ਗਏ।
ਬੇਸ਼ੱਕ ਕਮੇਟੀ ਅੱਗੇ ਬੰਦਸ਼ਾਂ ਕਰਕੇ ਬਾਬਾ ਸਾਹਿਬ ਸੰਵਿਧਾਨ ਆਪਣੀ ਮਰਜ਼ੀ ਨਾਲ ਨਹੀਂ ਬਣਾ ਸਕੇ ਪਰ ਫਿਰ ਵੀ ਉਹਨਾਂ ਦੇ ਇਸ ਸੰਵਿਧਾਨ ਨੇ ਧਰਮ, ਜਾਤੀ, ਲਿੰਗ, ਜਨਮ ਅਤੇ ਅਨੇਕਾਂ ਹੋਰ ਕਾਰਨਾ ਕਰਕੇ ਹੁੰਦੇ ਵਿਤਕਰੇ ਖ਼ਤਮ ਕਰ ਦਿੱਤੇ। ਉੱਚੇ ਨੀਵੇਂ ਦਾ ਫਰਕ ਸੰਵਿਧਾਨ ਨੇ ਖ਼ਤਮ ਕਰ ਦਿੱਤਾ।
ਧਾਰਾ 17 ਵਿੱਚ ਛੁਆ ਛੂਤ ਨੂੰ ਇੱਕ ਸਜ਼ਾਯੋਗ ਅਪਰਾਧ ਕਰਾਰ ਦਿੱਤਾ ਗਿਆ। ਧਾਰਾ 23(1) ਰਾਹੀਂ ਬੇਗਾਰ ਪ੍ਰਥਾ ਖ਼ਤਮ ਕੀਤੀ ਗਈ। ਕਾਨੂੰਨ ਸਾਹਮਣੇ ਸਾਰੇ ਭਾਰਤੀਆਂ ਨੂੰ ਬਰਾਬਰ ਦੇ ਹਕ਼ ਮਿਲੇ। ਧਾਰਾ 39 ਅਧੀਨ ਔਰਤਾਂ ਤੇ ਮਰਦਾਂ ਨੂੰ ਰੋਟੀ ਕਮਾਉਣ ਦਾ ਹਕ਼ ਦਿੱਤਾ ਗਿਆ। ਧਾਰਾ 355 ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਵਾਸਤੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਪ੍ਰਬੰਧ ਕੀਤਾ ਗਿਆ । ਧਾਰਾ 46 ਰਾਹੀਂ ਹਰ ਸੂਬੇ ਨੂੰ ਅਨੁਸੂਚਿਤ ਜਾਤੀਆਂ ਅਤੇ ਪਿੱਛੜੇ ਵਰਗਾਂ ਨੂੰ ਵਿੱਦਿਆ ਪ੍ਰਾਪਤੀ ਦੀ ਸਹੂਲਤ ਦਿੱਤੀ ਗਈ। ਪੰਜਾਬ ਦਾ ਇੰਤਕਾਲ ਅਰਾਜ਼ੀ ਜਿਸ ਕਰਕੇ ਅਛੂਤ ਜ਼ਮੀਨ ਦੇ ਮਾਲਿਕ ਨਹੀਂ ਬਣ ਸਕਦੇ ਸਨ, ਸੰਵਿਧਾਨ ਨੇ ਖ਼ਤਮ ਕਰ ਦਿੱਤਾ।
ਮਾਰਚ 1952 ਨੂੰ ਬਾਬਾ ਸਾਹਿਬ ਰਾਜ ਸਭਾ ਦੇ ਮੈਂਬਰ ਚੁਣੇ ਗਏ। ਇਸੇ ਸਾਲ ਹੀ ਕੋਲੰਬੀਆ ਯੂਨੀਵਰਸਿਟੀ ਵਲੋਂ ਬਾਬਾ ਸਾਹਿਬ ਨੂੰ ਡਾਕਟਰ ਸਾਹਿਬ ਦੀ ਉਪਾਧੀ ਦਿੰਦਿਆਂ ਕਿਹਾ ਕਿ “ਡਾਕਟਰ ਅੰਬੇਡਕਰ ਭਾਰਤੀ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਯੋਧੇ ਹਨ”।
ਬਾਬਾ ਸਾਹਿਬ ਨੇ 1935 ਵਿੱਚ ਆਪਣਾ ਕੀਤਾ ਵਾਇਦਾ ਪੂਰਾ ਕਰਨ ਲਈ ਖੁੱਲ੍ਹੇਆਮ ਬੁੱਧ ਸੰਮੇਲਨ ਵਿੱਚ ਭਾਗ ਲੈਣ ਲੱਗ ਪਏ ਤੇ ਅਖੀਰ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧਰਮ ਦੀ ਦੀਕਸ਼ਾ ਲੈ ਕੇ ਬੁੱਧ ਧਰਮ ਵਿੱਚ ਦਾਖਿਲ ਹੋ ਗਏ ਅਤੇ ਦਲਿਤਾਂ ਨੂੰ ਰਾਖਵੇਂਕਰਨ, ਸੰਵਿਧਾਨ, ਧਰਮ ਅਤੇ ਅਨੇਕਾਂ ਗਿਆਨ ਪੂਰਵਕ ਕਿਤਾਬਾਂ ਦੇ ਕੇ 6 ਦਸੰਬਰ 1956 ਨੂੰ ਪ੍ਰੀ ਨਿਰਵਾਣ ਪ੍ਰਾਪਤ ਕਰ ਗਏ।
18 ਅਪ੍ਰੈਲ 1990 ਨੂੰ ਬਾਬਾ ਸਾਹਿਬ ਜੀ ਨੂੰ ਭਾਰਤ ਰਾਸ਼ਟਰ ਦੀ ਸੱਭ ਤੋਂ ਵੱਡੀ ਉਪਾਧੀ ਭਾਰਤ ਰਤਨ ਦਿੱਤੀ ਗਈ।
ਮੈਂ ਕੁੱਝ ਉਪਰਾਲਾ ਕੀਤਾ ਹੈ ਕਿ ਬਾਬਾ ਸਾਹਿਬ ਜੀ ਬਾਰੇ ਕੁੱਝ ਜਾਣਕਾਰੀ ਇੱਕਠੀ ਕਰ ਸਕਾਂ। ਹੋਰ ਵੀ ਬਹੁਤ ਕੁੱਝ ਬਾਕੀ ਹੈ ਜੋ ਕਿ ਮੈਂ ਹੌਲੀ ਹੌਲੀ ਆਪ ਸੱਭ ਦੇ ਨਾਲ ਸਾਂਝੀ ਕਰਦਾ ਰਹੂੰਗਾ।