ਜੱਦ ਮੇਰੀਆਂ ਭੈਣਾਂ ਦਾ ਵਿਆਹ ਹੋਇਆ ਤਾਂ ਉਸ ਵੇਲੇ ਮੈਂ ਬਹੁਤ ਛੋਟਾ ਸੀ। ਇੱਕ ਜਿੰਮੇਵਾਰੀ ਕੀ ਹੁੰਦੀ ਹੈ ਇਸਦੀ ਸੱਮਝ ਨਹੀਂ ਸੀ। ਤੇ ਡੋਲੀ ਤੋਰਨ ਵੇਲੇ ਕੀ ਮਹਿਸੂਸ ਕਰਦੇ ਨੇ ਸਾਰੇ। ਪਰ ਅੱਜ ਮੇਰੀ ਭੈਣ (ਮੇਰੇ ਮਿੱਤਰ ਦੀ) ਦਾ ਵਿਆਹ ਸੀ। ਮੈਂ ਇਹ ਮਹਿਸੂਸ ਕੀਤਾ ਕਿ ਕਿਸ ਤਰਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਸੀ। ਨਿੱਕੇ – ਨਿੱਕੇ ਕੰਮਾਂ ਲਈ ਵੀ ਉਸਨੂੰ ਹੀ ਸਾਰੇ ਅਵਾਜ਼ਾਂ ਮਾਰ ਰਹੇ ਸਨ । ਕਿਉਂਕਿ ਉਸਦੇ ਪਿਤਾ ਜੀ ਕੁੱਝ ਸਾਲ ਪਹਿਲਾਂ ਹੀ ਇਸ ਲੋਕ ਨੂੰ ਛੱਡ ਕੇ ਪਰਲੋਕ ਸਿਧਾਰ ਗਏ ਸਨ ਤੇ ਪਿਤਾ ਜੀ ਨਾ ਹੋਣ ਕਾਰਣ ਤੇ ਨੌਕਰੀ ਲੱਗਣ ਕਾਰਣ ਸਾਰੀ ਜਿੰਮੇਵਾਰੀ ਉਸਦੀ ਹੀ ਸੀ। ਉੱਤੋਂ ਮਾਤਾ ਜੀ ਵੀ ਬਿਮਾਰ ਨੇ ਤੇ ਉਹਨਾਂ ਦੀ ਦਵਾ ਦਾਰੂ ਦਾ ਵੀ ਧਿਆਨ ਉਸਨੂੰ ਹੀ ਰੱਖਣਾ ਪੈ ਰਿਹਾ ਸੀ।
ਡੋਲੀ ਵੇਲੇ ਇਹਸਾਸ ਹੋਇਆ ਕਿ ਕਿੰਨਾ ਔਖਾ ਹੈ ਆਪਣੇ ਹੱਥੋਂ ਤੋਰਨਾ ਉਸਨੂੰ, ਜਿਸ ਨਾਲ ਛੋਟੇ ਹੁੰਦੇ ਇਕੱਠੇ ਖੇਡੇ ਤੇ ਖੇਡਣ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਇਵੇਂ ਲੰਘਿਆ ਜਿਵੇਂ ਕੁੱਝ ਹੀ ਮਿੰਟਾਂ ਵਿੱਚ ਸਾਰਾ ਸਫਰ ਖ਼ਤਮ ਹੋ ਗਿਆ ਹੋਵੇ।
ਮੈਂ ਆਪਣੇ ਮਿੱਤਰ ਦਾ ਚਿਹਰਾ ਸਾਫ – ਸਾਫ ਪੜ੍ਹ ਰਿਹਾ ਸੀ ਜਿਵੇਂ ਡੋਲੀ ਜਾਣ ਤੋਂ ਬਾਅਦ ਵੀ ਇਹੋ ਸੋਚ ਰਿਹਾ ਸੀ ਕਿ ਮੈਂ ਸਾਰਾ ਕੁੱਝ ਤਾਂ ਸਹੀ ਕੀਤਾ ਹੈ ਨਾ, ਕੋਈ ਕਮੀ ਤਾਂ ਨਹੀਂ ਰਹਿ ਗਈ ਹੋਣੀ, ਕਿਸੇ ਨੂੰ ਕੰਮ ਕਾਰ ਵਿੱਚ ਉੱਚਾ ਨੀਵਾਂ ਤਾਂ ਨਹੀਂ ਬੋਲ ਹੋ ਗਿਆ ਹੋਵੇਗਾ? ਪਰ ਧਿਆਨ ਉਸਦਾ ਜਿੱਧਰ ਡੋਲੀ ਗਈ ਸੀ ਭੈਣ ਉਸੇ ਗਲੀ ਵੱਲ ਹੀ ਸੀ ਤੇ ਕਦੇ ਉਹ ਭੈਣ ਦੀ ਡੋਲੀ ਬਾਰੇ ਸੋਚਦਾ ਤੇ ਕਦੇ ਆਪਣੀ ਬੁੱਢੀ ਮਾਂ ਵੱਲ ਦੇਖਦਾ, ਜੋ ਕਿ ਕੁੱਝ ਨਹੀਂ ਬੋਲ ਪਾ ਰਹੀ ਸੀ ਤੇ ਜੋ ਇੰਝ ਲੱਗ ਰਿਹਾ ਜੀ ਜਿਵੇਂ ਉਹ ਬਹੁਤ ਕੁੱਝ ਕਹਿਣ ਦੀ ਕੋਸ਼ਿਸ ਕਰ ਰਹੀ ਹੋਵੇ। ਪਰ ਲੱਗਦਾ, ਉਸਨੂੰ ਆਪਣੇ ਪੁੱਤਰ ਦੀ ਹਾਲਤ ਦਾ ਵੀ ਪਤਾ ਸੀ, ਜੋ ਕਿ ਕੁੱਝ ਨਹੀਂ ਬੋਲ ਰਿਹਾ ਸੀ ਤੇ ਸਿਰਫ ਜਾਂਦੀ ਹੋਈ ਡੋਲੀ ਦੇ ਗਵਾਚ ਜਾਣ ਤੱਕ ਉੱਧਰ ਹੀ ਦੇਖਦਾ ਰਿਹਾ ਜਿਵੇਂ ਕਿ ਸੋਚ ਰਿਹਾ ਹੋਵੇ ਕਿ ਸ਼ਾਇਦ ਭੈਣ ਫਿਰ ਵਾਪਿਸ ਆਊਗੀ ਤੇ ਘੁੱਟ ਕੇ ਸੀਨੇ ਨਾਲ ਲੱਗ ਜਾਵੇਗੀ।
ਪਰ ਧੀਆਂ ਦਾ ਦਸਤੂਰ ਹੀ ਇਹੋ ਹੈ, ਉਹਨਾਂ ਨੂੰ ਤਾਂ ਜਾਣਾ ਹੀ ਪੈਂਦਾ ਹੈ, ਆਪਣੇ ਸਹੁਰੇ ਘਰ। ਇੱਕ ਘਰ ਛੱਡ ਕੇ ਇੱਕ ਹੋਰ ਨਵੇਂ ਘਰ।
ਪਹਿਲਾਂ ਇਸ ਘਰ ਨੂੰ ਸਵਾਰਦੀ ਰਹੀ ਤੇ ਹੁਣ ਦੂਜੇ ਘਰ ਨੂੰ ਸਵਾਰੇਗੀ।
Loading Likes...