ਕਿਤੇ ਰਸਮੀ ਜਿੰਮੇਵਾਰੀ ਤਾਂ ਨਹੀਂ ?(Politics and Educational Exams) :
ਜ਼ਿੰਦਗੀ ਵਿਚ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਹੋਵੇਗਾ ਜਿਸ ਨੇ ਆਪਣੀ ਜ਼ਿੰਦਗੀ ਵਿਚ ਕੋਈ ਪ੍ਰੀਖਿਆ ਨਾ ਦਿੱਤੀ ਹੋਵੇ। ਚਾਹੇ ਉਹ ਪੜ੍ਹਾਈ ਨਾਲ ਸੰਬੰਧਿਤ ਪ੍ਰੀਖਿਆ ਹੋਵੇ ਜਾਂ ਆਪਣੀ ਜ਼ਿੰਦਗੀ ਦੇ ਫੈਸਲਿਆਂ ਨਾਲ ਆਪਣੇ ਆਪ ਨੂੰ ਪਾਸ ਕਰਨ ਦੀ ਕੋਈ ਪ੍ਰੀਖਿਆ ਹੋਵੇ। ਹਰ ਇਕ ਪ੍ਰੀਖਿਆ ਦਾ ਆਪਣਾ – ਆਪਣਾ ਮਹੱਤਵ ਹੁੰਦਾ ਹੈ ਜੋ ਕਿ ਸਾਡੀ ਜ਼ਿੰਦਗੀ ਨੂੰ ਹੋਰ ਕਾਮਯਾਬ ਬਣਾਉਣ ਵਾਸਤੇ ਸਾਨੂੰ ਨਵੀਂ ਸੇਧ ਦਿੰਦਾ ਹੈ। ਪਰ ਇਹ ਜ਼ਰੂਰੀ ਵੀ ਨਹੀਂ ਕਿ ਅਸੀਂ ਉਹਨਾਂ ਪ੍ਰੀਖਿਆਵਾਂ ਕੋਲੋਂ ਕੁਝ ਸਿੱਖਿਆ ਹੀ ਹੋਵੇ। ਕਈ ਵਾਰ ਅਸੀਂ ਇਸਨੂੰ ਸਿਰਫ ਇਕ ਰਸਮੀ ਤੌਰ ਤੇ ਇਕ ਜਿੰਮੇਵਾਰੀ ਸਮਝ ਕੇ ਬੈਠ ਜਾਂਦੇ ਹਾਂ ਪਰ ਅਸਲੀਅਤ ਤਾਂ ਕੁਝ ਹੋਰ ਹੀ ਹੁੰਦੀਂ ਹੈ।
ਹੁਣ ਜੋ ਸਮਾਂ ਚੱਲ ਰਿਹਾ ਹੈ ਉਹ ਹੈ ਵੋਟਾਂ ਦਾ, ਇਹ ਵੀ ਇਕ ਪ੍ਰੀਖਿਆ ਹੀ ਹੈ ਉਨ੍ਹਾ ਸਾਰੇ ਉਮੀਦਵਾਰਾਂ ਲਈ ਜਿਨ੍ਹਾਂ ਨੂੰ ਅਸੀਂ ਪਹਿਲਾਂ ਸੱਤਾ ‘ਚ ਲੈ ਕੇ ਆਏ ਸੀ ਅਤੇ ਜੋ ਹੁਣ ਦੁਬਾਰਾ ਸੱਤਾ ਵਿਚ ਆਉਣ ਦੀ ਕੋਸ਼ਿਸ਼ ਵਿਚ ਹਰ ਹੀਲਾ ਵਸੀਲਾ ਕਰ ਰਹੇ ਨੇ।
ਹੁਣ ਅਸੀਂ ਇਹ ਦੇਖਾਂਗੇ ਕਿ ਭਵਿੱਖ ਲਈ ਦਿੱਤੀ ਪ੍ਰੀਖਿਆ ਅਤੇ ਰਾਜਨੀਤੀ ਦੀ ਪ੍ਰੀਖਿਆ ਮਤਲਬ ਵੋਟਾਂ ਵਿਚ ਕਿੰਨੇਂ ‘ਕੁ ਫਰਕ ਹੈ
ਪ੍ਰੀਖਿਆ ਦੀ ਤਿਆਰੀ ਲਈ ਸਮਾਂ :
ਸਾਰੇ ਵਿਦਿਆਰਥੀਆਂ ਲਈ ਪ੍ਰੀਖਿਆ ਦੀ ਤਿਆਰੀ ਲਈ ਸਮਾਂ ਦਿੱਤਾ ਜਾਂਦਾ ਹੈ ਕਿ ਜੋ ਪੁਰਾਣਾ ਪਹਿਲਾਂ ਪੜ੍ਹਿਆ ਹੈ ਉਸ ਨੂੰ ਦੁਬਾਰਾ ਦੇਖ ਕੇ ਆਪਣੇ ਦਿਮਾਗ ਨੂੰ ਤਾਜ਼ਾ ਕੀਤਾ ਜਾ ਸਕੇ।
ਰਾਜਨੀਤੀ ਵਿਚ ਵੀ ਵੋਟਾਂ ਤੋਂ ਪਹਿਲਾਂ ਸਾਰੇ ਵੋਟਰਾਂ ਕੋਲ ਇਹ ਸਮਾਂ ਹੁੰਦਾ ਹੈ ਕਿ ਇਹ ਦੇਖ ਲੈਣ ਕਿ ਜੋ ਪੁਰਾਣੀ ਸਰਕਾਰ ਨੇ ਕਰਨ ਦਾ ਦਾਅਵਾ ਕੀਤਾ ਸੀ ਉਸਨੂੰ ਪੂਰਾ ਵੀ ਕੀਤਾ ਹੈ ਜਾਂ ਕਿ ਸਿਰਫ ਬੇਵਕੂਫ ਹੀ ਬਣਾਇਆ ਗਿਆ ਹੈ। ਇਸਦੀ ਪੂਰੀ ਜਾਂਚ – ਪਰਖ ਕਰ ਲੈਣੀ ਬਹੁਤ ਜ਼ਰੂਰੀ ਹੈ। ਤਾਂ ਹੀ ਤਾਂ ਪਤਾ ਲੱਗੇਗਾ ਕਿ ਸਾਡੇ ਹੱਥ – ਪੱਲੇ ਵੀ ਕੁੱਝ ਹੈ ਕਿ ਨਹੀ।
ਪ੍ਰੀਖਿਆ ਵਾਲੇ ਦਿਨ :
ਜਿਵੇਂ ਹੀ ਪ੍ਰੀਖਿਆ ਵਾਲਾ ਦਿਨ ਆਉਂਦਾ ਹੈ ਤਾਂ ਵਿਦਿਆਰਥੀ ਬਹੁਤ ਚਿੰਤਿਤ ਹੋ ਜਾਂਦੇ ਨੇ, ਪਹਿਲਾਂ ਤਾਂ ਮੰਨ ਲਾ ਕੇ ਤਿਆਰੀ ਨਹੀਂ ਕੀਤੀ ਤੇ ਦੂਜਾ ਹੁਣ ਕੁਝ ਯਾਦ ਵੀ ਨਹੀਂ ਆਉਂਦਾ ਕਿ ਕੀ ਲਿਖਣਾ ਹੈ ?
ਰਾਜਨੀਤੀ ਵਿਚ ਵੀ ਪਹਿਲਾਂ ਤਾਂ ਕੋਈ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਕਿ ਜੋ ਉਸਨੇ ਵਾਇਦੇ ਕੀਤੇ ਸਨ ਉਹਨਾਂ ਤੇ ਪੂਰੇ ਵੀ ਉਤਰੇ ਕਿ ਨਹੀਂ। ਤੇ ਵੋਟਾਂ ਮੰਗਣ ਵੇਲੇ ਪੱਲੇ ਹੁੰਦਾ ਵੀ ਕੁਝ ਨਹੀਂ ਤੇ ਕਿਉਂ ਜੋ ਪੰਜ ਸਾਲ ਕੀਤਾ ਵੀ ਕੁਝ ਹੁੰਦਾ।
ਸੋਚਣ ਦਾ ਸਮਾਂ ਨਹੀਂ :
ਭਵਿੱਖ ਲਈ ਜੋ ਵਿਦਿਆਰਥੀ ਪ੍ਰੀਖਿਆ ਦਿੰਦੇ ਨੇ ਜੇ ਉਹ ਆਪਣੀ ਪ੍ਰੀਖਿਆ ਵਿਚ ਪਾਸ ਨਹੀਂ ਹੁੰਦੇ ਭਾਵ ਫੇਲ ਹੋ ਜਾਂਦੇ ਨੇ ਤਾਂ ਅਗਲੇ ਇਕ ਸਾਲ ਦੇ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਮੌਕਾ ਮਿਲਦਾ ਹੈ।
ਰਾਜਨੀਤੀ ਵਿਚ ਜੇ ਅਸੀਂ ਕਿਸੇ, ਵੋਟਾਂ ਵਿਚ ਖੜੇ ਉਮੀਦਵਾਰ ਨੂੰ ਆਪਣੀ ਵੋਟ ਪਵਾ ਕੇ ਜਿਤਾ ਦਿੰਦੇ ਹਾਂ ਤਾਂ ਫੇਰ ਸਾਡੇ ਕੋਲ ਪੰਜ ਸਾਲ ਸੋਚਣ ਦਾ ਸਮਾਂ ਵੀ ਨਹੀਂ ਹੁੰਦਾ। ਭਾਵ ਕਿ ਜੇ ਅਸੀਂ ਉਸ ਨਵੇਂ ਬਣੇ ਨੇਤਾ ਤੋਂ ਖੁਸ਼ ਨਹੀਂ ਹਾਂ ਤਾਂ ਫੇਰ ਅਸੀੰ ਪੰਜ ਸਾਲ ਸਿਰਫ ਇੰਤਜ਼ਾਰ ਹੀ ਕਰ ਸਕਦੇ ਹਾਂ। ਤੇ ਉਹ ਪੰਜ ਸਾਲ ਅਸੀਂ ਸਿਰਫ ਆਪਣੇ ਆਪ ਨੂੰ ਕੋਸਣ ਦੇ ਸਿਵਾ ਕੁਝ ਨਹੀਂ ਕਰ ਸਕਦੇ।
ਪ੍ਰੀਖਿਆ ਪਾਸ ਕਰਨ ਲਈ ਜੁਗਤਾਂ :
ਵਿਦਿਆਰਥੀ ਜੇ ਨਾ ਪੜ੍ਹੇ ਹੋਣ ਤਾਂ ਉਹ ਨਕਲ ਜਾ ਪਰਚੀਆਂ ਨਾਲ ਵੀ ਸਾਰ ਲੈਣ ਦੀ ਹਰ ਕੋਸ਼ਿਸ਼ ਕਰਦੇ ਨੇ।
ਰਾਜਨੀਤੀ ਵਿਚ ਵੀ ਪਰਚੀਆਂ ਨੇ ਪਰ ਉਹਨਾਂ ਦਾ ਰੂਪ ਬਦਲਣ ਕਾਰਨ ਉਹਨਾਂ ਦਾ ਪਤਾ ਨਹੀਂ ਲਗਦਾ ਜਿਵੇਂ ਸ਼ਰਾਬ ਦੀਆਂ ਬੋਤਲਾਂ ਦੇ ਰੂਪ ਵਿਚ ਜਾਂ ਪੈਸਿਆਂ ਦੇ ਰੂਪ ਵਿਚ। ਪਰ ਵੋਟਰਾਂ ਨੂੰ ਇਹ ਤਾਂ ਯਕੀਨੀ ਬਣਾਉਣਾ ਹੀ ਪਵੇਗਾ ਕਿ ਜਿਵੇਂ ਵਿਦਿਆਰਥੀ ਪੇਪਰ ਪਾਸ ਕਰਨ ਲਈ ਪਰਚੀਆਂ ਜਾਂ ਕੋਈ ਹੋਹ ਜੁਗਤਾਂ ਲਗਾਉਂਦੇ ਨੇ। ਰਾਜਨੀਤੀ ਵਿਚ ਇਹ ਵੀ ਪਰਚੀਆਂ ਹੀ ਨੇ।
ਜਿਵੇੰ ਦੀ ਤਿਆਰੀ ਉਵੇਂ ਦਾ ਨਤੀਜਾ :
ਤੇ ਫੇਰ ਵਾਰੀ ਆਉਂਦੀ ਹੈ ਨਤੀਜਿਆਂ ਦੀ ਕਿ ਜੇ ਤਾਂ ਮੇਹਨਤ ਕੀਤੀ ਹੋਵੇਗੀ, ਬਿਨਾ ਪਰਚੀਆਂ ਦੇ, ਉਹ ਤਾਂ ਚੰਗੇ ਨਤੀਜੇ ਨਾਲ ਪਾਸ ਹੋ ਜਾਣਗੇ।
ਤੇ ਰਾਜਨੀਤੀ ਵਿਚ ਜੇ ਤਾਂ ਵੋਟਰਾਂ ਨੇ ਸਹੀ ਤਰੀਕੇ ਨਾਲ ਮਿਹਨਤ ਕੀਤੀ ਹੋਵੇਗੀ, ਸਹੀ ਆਦਮੀ ਨੂੰ ਚੁਣਿਆ ਹੋਵੇਗਾ ਤਾਂ ਹੀ ਨਤੀਜਾ ਸਹੀ ਆਵੇਗਾ। ਜੇ ਨਹੀਂ ਮੇਹਨਤ ਕੀਤੀ ਹੋਵੇਗੀ ਤਾਂ ਫੇਰ ਅਗਲਾ ਮੌਕਾ ਮਿਲੇਗਾ ਪੰਜ ਸਾਲ ਬਾਅਦ। ਪੰਜ ਸਾਲ ਕਿਸੇ ਨੇ ਨਹੀਂ ਪੁੱਛਣਾ।
ਸਾਡੀ ਜੱਤ :
ਖ਼ਿਆਲੀ ਪੁਲਾਓ ਪਕਾਉਣ ਨਾਲ ਕੁੱਝ ਨਹੀਂ ਹੋਣਾ, ਇਕ ਛੋਟੀ ਜਿਹੀ ਘਟਨਾ ਤੋਂ ਸਮਝਿਆ ਜਾ ਸਕਦਾ ਹੈ ਕਿ
ਇਕ ਵਾਰ ਜੰਗਲ ਵਿਚ ਜਦੋਂ ਰਾਜੇ ਦੀ ਚੋਣ ਕਰਨ ਦਾ ਸਮਾਂ ਆਇਆ ਕੋਈ ਜਾਨਵਰ ਕਹਿ ਰਿਹਾ ਸੀ ਕਿ ਜੇ ਮੈਂ ਜਿੱਤ ਗਿਆ ਤਾਂ ਹਰ ਜਾਨਵਰ ਨੂੰ ਇਕ – ਇਕ ਕੰਬਲ ਦੇਵਾਂਗਾ, ਦੂਸਰਾ ਜਾਨਵਰ ਕਹਿ ਰਿਹਾ ਸੀ ਕਿ ਜੇ ਮੈਂ ਜਿੱਤ ਗਿਆ ਤਾਂ ਪੰਜ – ਪੰਜ ਕੰਬਲ ਸਾਰਿਆਂ ਜਾਨਵਰਾਂ ਨੂੰ ਦੇਵਾਂਗਾ। ਸਾਰੇ ਇਕ ਤੋੰ ਇਕ ਵੱਧ ਕੇ ਬੋਲ ਰਹੇ ਸਨ। ਪਰ ਅਚਾਨਕ ਇਕ ਭੇਡ ਦੇ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਐਂਨੇ ਜ਼ਿਆਦਾ ਕੰਬਲ਼ ਕਿੱਥੋਂ ਲੈ ਕੇ ਆਉਣਗੇ ਤਾਂ ਉਸਦੀ ਮਾਂ ਨੇ ਕਿਹਾ ਕਿ ਸਾਡੀਆਂ ਸਰੀਆਂ ਭੇਡਾਂ ਦੀਆਂ ਜੱਤ ਲਾਹ ਕੇ। ਉਸੇ ਦੇ ਕੰਬਲ਼ ਬਣਨਗੇ ਤੇ ਓਹੀ ਸਾਨੂੰ ਦਿੱਤੇ ਜਾਣਗੇ।
ਇਸ ਲਈ ਇਹ ਜ਼ਰੂਰ ਧਿਆਨ ਰੱਖੋ ਕਿ ਜਿਹੜੇ ਐਂਨੇ ਵਾਇਦੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਨੇ ਉਹ ਪੂਰੇ ਕਿੱਥੋਂ ਕਰਨਗੇ। ਕਿਤੇ ਸਾਡੀ ਜੱਤ ਲਾਹੁਣ ਦੀ ਤਿਆਰੀ ਤਾਂ ਨਹੀਂ।
ਵੋਟ ਦੀ ਤਾਕਤ :
ਇਸ ਲਈ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ, ਆਪਣੀ ਵੋਟ ਨੂੰ ਕੌਡੀਆਂ ਦੇ ਭਾਅ ਖਰਾਬ ਨਾ ਕਰਿਯੋ। ਇਹੀ ਮੌਕਾ ਹੈ ਆਪਣੀ ਤਾਕਤ ਦਿਖਾਉਣ ਦਾ। ਆਪਣੀ ਤਾਕਤ ਦਾ ਇਸਤੇਮਾਲ ਜ਼ਰੂਰ ਕਰੋ।
Loading Likes...