Category: ਪੰਜਾਬੀ ਦੀ ਜਮਾਤ/ Class of Punjabi
ਪੰਜਾਬੀ ਦੀ ਜਮਾਤ (Class of Punjabi )
ਅੱਜ ਦੇ ਸਮੇ ਵਿਚ ਅਸੀਂ ਇਹ ਆਮ ਹੀ ਦੇਖਦੇ ਹਾਂ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਬੇ- ਅਦਬੀ ਬਹੁਤ ਵੱਧਦੀ ਜਾ ਰਹੀ ਹੈ। ਅਸੀਂ ਆਪਣੇ ਘਰਾਂ ਵਿਚ ਵੀ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ। ਅਸੀਂ ਆਪਣੇ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿੰਦੇ ਹਾਂ। In this Class of Punjabi we will post series of blogs related to class.
Why Ignore Punjabi at Homes?
ਸਾਡੇ ਘਰਾਂ ਵਿਚ ਪੰਜਾਬੀ ਦੀ ਹੋਂਦ ਖ਼ਤਮ ਹੁੰਦੀਂ ਜਾ ਰਹੀ ਹੈ। ਫਿਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਆਪਣੀ ਜ਼ਿੰਦਗੀ ਵਿਚ ਤਰੱਕੀ ਕਰਨੀ ਹੈ ਤਾਂ ਅੰਗਰੇਜ਼ੀ ਦਾ ਆਉਣਾ ਲਾਜ਼ਮੀ ਹੈ। ਅਸੀਂ ਇਹ ਮੰਨਦੇ ਹਾਂ ਕਿ ਅੰਗਰੇਜ਼ੀ ਦਾ ਇਕ ਰੁੱਤਬਾ ਹੈ ਅਤੇ ਪੰਜਾਬੀ ਨੂੰ ਬਾਹਰਲੇ ਮੁਲਕਾਂ ਵਿਚ ਕੋਈ ਨਹੀਂ ਪੁੱਛਦਾ। ਇਸੇ ਕਰਕੇ ਅਸੀਂ ਪੰਜਾਬੀ ਨੂੰ ਭੁਲਦੇ ਜਾ ਰਹੇ ਹਾਂ ਕਿ ਸ਼ਾਇਦ ਜੇ ਸਾਡਾ ਬੱਚਾ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਬਾਹਰਲੇ ਮੁਲਕਾਂ ਵਿਚ ਇਕ ਚੰਗੇ ਰੁਜ਼ਗਾਰ ਦੀ ਪ੍ਰਾਪਤੀ ਹੋ ਸਕਦੀ ਹੈ। ਗੱਲ ਕਈ ਮਾਇਨੇ ਸਹੀ ਵੀ ਹੈ। ਕਿਉਂਕਿ ਅੱਜ ਦੇ ਸਮੇ ਵਿਚ ਬਹੁਤੇ ਪੰਜਾਬੀ ਲੋਕ ਆਪਣੇ ਪੰਜਾਬ ਨੂੰ ਛੱਡਦੇ ਜਾ ਰਹੇ ਨੇ। ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਦੇ ਜਾ ਰਹੇ ਨੇ। ਪਹਿਲਾਂ ਉਹਨਾਂ ਨੂੰ ਪੜ੍ਹਨ ਲਈ ਬਾਹਰਲੇ ਮੁਲਕ ਭੇਜਿਆ ਜਾਂਦਾ ਹੈ ਫੇਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਹੀ ਪੱਕੇ ਹੋ ਜਾਂਦੇ ਹਨ। ਤੇ ਫੇਰ ਵਾਪਿਸ ਪੰਜਾਬ ਵੱਲ ਮੂੰਹ ਨਹੀਂ ਕਰਦੇ। ਪਰ ਇਸਦਾ ਇਹ ਮਤਲਬ ਨਹੀਂ ਕਿ ਉਹਨਾਂ ਨੂੰ ਪੰਜਾਬੀਅਤ ਨਾਲ ਪਿਆਰ ਨਹੀਂ ਹੈ। ਪਿਆਰ ਸਭ ਕਰਦੇ ਨੇ ਪਰ ਸਮੇ ਦੇ ਨਾਲ ਨਾਲ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ ਵਿਚ ਆਪਣੀ ਮਾਂ – ਬੋਲੀ ਨੂੰ ਭੁਲਦੇ ਜਾ ਰਹੇ ਨੇ।
ਦੂਜਾ ਪੰਜਾਬੀ ਬੋਲੀ ਨੂੰ ਭੁਲਣ ਦਾ ਸੱਭ ਤੋਂ ਵੱਢਾ ਯੋਗਦਾਨ ਸਾਡੇ ਸਕੂਲਾਂ ਦਾ ਵੀ ਹੈ। ਜਿੱਥੇ ਕਿ ਪੰਜਾਬੀ ਬੋਲਣ ਤੇ ਸਾਨੂੰ ਜ਼ੁਰਮਾਨਾ (Fined) ਕੀਤਾ ਜਾਂਦਾ ਹੈ। ਤੇ ਅਸੀਂ ਬੜੀ ਖੁਸ਼ੀ – ਖੁਸ਼ੀ ਨਾਲ ਉਹ ਜੁਰਮਾਨਾ ਭਰਦੇ ਹਾਂ ਕਿਉਂਕੀ ਸਾਡਾ ਬੱਚਾ ਪੰਜਾਬੀ ਬੋਲਦਾ ਫੜਿਆ ਗਿਆ ਸੀ। ਤੇ ਅੰਦਰੋਂ ਅਸੀਂ ਬਹੁਤ ਖੁਸ਼ੀ ਮਨਾਉਂਦੇ ਹਾਂ ਕਿ ਅਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਸਕੂਲ ਪਾਇਆ ਹੈ ਜਿੱਥੇ ਕਿ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਦਰਅਸਲ ਸਕੂਲਾਂ ਦਾ ਵੀ ਇਸ ਵਾਸਤੇ ਕੋਈ ਕਸੂਰ ਨਹੀਂ ਮੰਨਿਆ ਜਾ ਸਕਦਾ ਕਿਉਂਕੀ ਮਾਪੇ ਆਪ ਚਾਹੁੰਦੇ ਨੇ ਕਿ ਸਾਡਾ ਬੱਚਾ ਸਿਰਫ ਅੰਗਰੇਜ਼ੀ ਬੋਲੇ।
ਹੁਣ ਤਾਂ ਇੱਥੋਂ ਤੱਕ ਚਲ ਰਿਹਾ ਹੈ ਕਿ CBSE ਨੇ ਵੀ ਪੰਜਾਬ ਵਿੱਚੋਂ ‘ਪੰਜਾਬੀ’ ਨੂੰ ਲਾਜ਼ਮੀ ਵਿਸ਼ੇ ਵਿਚੋਂ ਬਾਹਰ ਕੱਢ ਦਿੱਤਾ ਹੈ।
ਮੇਰਾ ਇਹ ਸਿਰਲੇਖ ਪੰਜਾਬੀ ਦੀ ਜਮਾਤ (Punjabi Class) ਸ਼ੁਰੂ ਕਰਨ ਦਾ ਸਿਰਫ ਇਹੀ ਮੱਕਸਦ ਹੈ ਕਿ ਆਪਣੀ ਪੰਜਾਬੀ ਬੋਲੀ ਦੀ ਹੋਂਦ ਨੂੰ ਥੋੜਾ ਬਚਾਇਆ ਜਾ ਸਕੇ। ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਡਰ ਹੈ ਕੀ ਕਿਤੇ ਪੰਜਾਬੀ ਬੋਲੀ ਲੰਘੇ ਸਮੇਂ ਦੀ ਗੱਲ ਹੀ ਨਾ ਹੋ ਜਾਵੇ। ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਵੱਲ ਕਦਮ ਚੁੱਕ ਰਹੀਆਂ ਨੇ ਕਿ ਪੰਜਾਬੀ ਦੀ ਹੋਂਦ ਨੂੰ ਬਚਾਇਆ ਜਾ ਸਕੇ। ਮੇਰਾ ਵੀ ਇਹ ਇਕ ਛੋਟਾ ਜਿਹਾ ਉਪਰਾਲਾ ਹੈ। ਮੈਨੂੰ ਉਮੀਦ ਹੈ ਕਿ ਸ਼ਾਇਦ ਪੰਜਾਬੀ ਬੋਲੀ ਨੂੰ ਬਚਾਉਣ ਵਿਚ ਮੈਂ ਵੀ ਕੁਝ ‘ਕੁ ਹਿੱਸਾ ਇਹ ਬਲਾਗ ਸ਼ੁਰੂ ਕਰ ਕੇ ਦੇ ਸਕਦਾ ਹਾਂ।
ਮੈਂ ਇਸ ਬਲਾਗ ਦੇ ਅੰਦਰ ਪੰਜਾਬੀ ਨਾਲ ਸੰਬੰਧਿਤ ਉਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰੂੰਗਾ ਜਿਸ ਨਾਲ ਸਾਨੂੰ ਪੰਜਾਬੀ ਮਾਂ – ਬੋਲੀ ਨੂੰ ਸਿੱਖਣ ਵਿਚ ਮਦਦ ਮਿਲ ਸਕੇ।
ਉਮੀਦ ਹੈ ਕਿ ਮੇਰਾ ਬਲਾਗ ਪੜ੍ਹਨ ਵਾਲੇ ਸਾਰੇ ਸਾਥੀਆਂ ਨੂੰ ਪੰਜਾਬੀ ਬੋਲੀ ਸਿੱਖਣ ਵਿਚ ਥੋੜੀ ਮਦਦ ਜ਼ਰੂਰ ਮਿਲੇਗੀ।