ਅਖਾਣ ਤੇ ਉਹਨਾਂ ਦੀ ਵਰਤੋਂ – 4
1. ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
(ਸੱਚਾਈ ਨੂੰ ਨਿਡਰ ਹੋ ਕੇ ਪ੍ਰਗਟਾਉਣ ਦੀ ਪ੍ਰੇਰਨਾ ਦੇਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ) –
ਹਿਨਾ ਆਪਣੀ ਸਹੇਲੀ ਨੂੰ ਕਹਿਣ ਲੱਗੀ ਕਿ ਉਸ ਨੂੰ ਪਤਾ ਹੈ ਜਿਸ ਨੇ ਯਮਨ ਦੇ ਘਰ ਚੋਰੀ ਕੀਤੀ ਹੈ। ਪਰ ਉਹ ਡਰਦੀ ਨਹੀਂ ਦੱਸਦੀ। ਉਸ ਦੀ ਸਹੇਲੀ ਨੇ ਕਿਹਾ ਕਿ ਉਸ ਨੂੰ ਕਾਹਦਾ ਡਰ, ਸਾਰਾ ਪਿੰਡ ਉਸ ਦੇ ਨਾਲ ਏ। ਕਹਿੰਦੇ ਨੇ ‘ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ’ ਉਸ ਨੂੰ ਦੱਸਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
2. ਆਪੇ ਮੈਂ ਰੱਜੀ – ਪੁੱਜੀ ਆਪੇ ਮੇਰੇ ਬੱਚੇ ਜਿਊਣ
(ਇਹ ਅਖਾਣ ਆਪਣੇ ਮੂੰਹ ਮੀਆਂ ਮਿੱਠੂ ਬਣਨ ਲਈ ਵਰਤਿਆ ਜਾਂਦਾ ਹੈ) –
ਜਸਵਿੰਦਰ ਨੇ ਪਹਿਲੀ ਵਾਰ ਇੱਕ ਕਹਾਣੀ ਲਿਖੀ। ਉਹ ਹਰ ਇੱਕ ਨੂੰ ਕਹੀ ਜਾਵੇ ਇਹ ਪੰਜਾਬੀ ਦੀ ਚੋਟੀ ਦੀ ਕਹਾਣੀ ਹੈ। ਉਸ ਦੁਆਰਾ ਆਪਣੀ ਕਹਾਣੀ ਦੀ ਆਪ ਸਿਫ਼ਤ ਕਰਨ ਵਾਲੀ ਗੱਲ ਤੋਂ ਇਹ ਅਖਾਣ ਆਉਂਦਾ ਹੈ ‘ਆਪੇ ਮੈਂ ਰੱਜੀ – ਪੁੱਜੀ ਆਪੇ ਮੇਰੇ ਬੱਚੇ ਜਿਊਣ।
3. ਅਸਮਾਨ ‘ਤੇ ਥੁੱਕਿਆਂ ਆਪਣੇ ਹੀ ਮੂੰਹ ਤੇ ਪੈਂਦਾ ਹੈ
(ਵੱਡੇ ਬੰਦੇ ਦੀ ਨਿੰਦਿਆਂ ਕਰਨੀ ਚੰਗੀ ਨਹੀਂ ਹੁੰਦੀ) –
ਜਦੋਂ ਰਿਸ਼ਭ ਮਾਸਟਰ ਜੀ ਨੂੰ ਬੁਰਾ – ਭਲਾ ਕਹਿ ਰਿਹਾ ਸੀ ਤਾਂ ਉਸ ਦੇ ਮਾਤਾ ਜੀ ਨੇ ਸਮਝਾਇਆ ਬੇਟੇ ਸੋਚ ਕੇ ਬੋਲੋ ਅਸਮਾਨ ਤੇ ਥੁੱਕਿਆਂ ਆਪਣੇ ਮੂੰਹ ਤੇ ਹੀ ਪੈਂਦਾ ਹੈ
4. ਆਪ ਭੱਲਾ, ਜੱਗ ਭਲਾ
(ਚੰਗੇ ਇਨਸਾਨ ਨੂੰ ਸਾਰੇ ਇਨਸਾਨ ਚੰਗੇ ਲੱਗਦੇ ਹਨ) –
ਨਰੇਸ਼ ਹਮੇਸ਼ਾ ਸਾਰਿਆਂ ਦੀ ਸਿਫ਼ਤ ਹੀ ਕਰਦਾ ਹੈ, ਉਸ ਨੇ ਕਦੇ ਕਿਸੇ ਨੂੰ ਬੁਰਾ ਨਹੀਂ ਕਿਹਾ, ਸੱਚ ਕਹਿੰਦੇ ਹਨ, ‘ਆਪ ਭੱਲਾ, ਜੱਗ ਭਲਾ’।
5. ਅਗਲੀ ਲੈਣ ਗਿਆ, ਪਿਛਲੀ ਕੁੱਤਾ ਲੈ ਗਿਆ
(ਉਸ ਮਨੁੱਖ ਲਈ ਵਰਤਦੇ ਸਨ ਜੋ ਲਾਲਚ ਵੱਸ ਹੱਥ ਆਈ ਚੀਜ਼ ਨੂੰ ਛੱਡ ਕੇ ਦੂਜੀ ਵੱਲ ਦੌੜੇ, ਦੂਜੀ ਮਿਲੇ ਨਾ ਪਹਿਲੀ ਵੀ ਹੱਥੋਂ ਚੱਲੀ ਜਾਵੇ) –
ਜਸਵਿੰਦਰ ਆਪਣੀ ਕੁੜੀ ਲਈ ਸ਼ਰੀਫ ਖਾਨਦਾਨ ਦੇ ਘਰ ਆਏ ਰਿਸ਼ਤੇ ਨੂੰ ਛੱਡ ਕੇ ਜਾਗੀਰਦਾਰਾਂ ਮਗਰ ਭੱਜਾ ਫਿਰਦਾ ਸੀ। ਉਧਰੋਂ ਨਾਂਹ ਹੋ ਗਈ। ਇੱਧਰ ਪਹਿਲੇ ਰਿਸ਼ਤੇ ਵਾਲੇ ਵੀ ਮੂੰਹ ਫੇਰ ਗਏ। ਉਸ ਨਾਲ ਤਾਂ ਊਹੀ ਹੋਈ ‘ਰੋ ਅਗਲੀ ਲੈਣ ਗਿਆ, ਪਿਛਲੀ ਕੁੱਤਾ ਲੈ ਗਿਆ।
6. ਆਪੇ ਫਾਥੜੀਏ ਤੈਨੂੰ ਕੌਣ ਛੁਡਾਏ
(ਆਪ ਫਸੇ ਨੂੰ ਕੌਣ ਬਚਾ ਸਕਦਾ ਹੈ ) –
ਨਰੇਸ਼ : ਲਾਡੀ ਤੈਨੂੰ ਕਿਸ ਨੇ ਕਿਹਾ ਸੀ ਕਿ ਵਿਦੇਸ਼ ਜਾ ਕੇ ਨੌਕਰੀ ਕਰ। ਹੁਣ ਕਿਉਂ ਰੋਂਦਾ ਏ ਕਿ ਬੜੀ ਔਖੀ ਜ਼ਿੰਦਗੀ ਏ, ਠੀਕ ਕਹਿੰਦੇ ਹਨ, ਆਪੇ ਫਾਥੜੀਏ ਤੈਨੂੰ ਕੌਣ ਛੁਡਾਏ’ ।
Loading Likes...