ਅਖਾਣ ਤੇ ਉਹਨਾਂ ਦੀ ਵਰਤੋਂ – 1
1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ
(ਹਰ ਥਾਂ ਸਭ ਤੋਂ ਮੁਹਰੇ ਹੋਣ ਵਾਲੇ ਵਿਅਕਤੀ ਲਈ ਇਹ ਅਖਾਣ ਵਰਤਿਆਂ ਜਾਂਦਾ ਹੈ) –
ਪਿੰਡ ਦੇ ਹਰੇਕ ਚੰਗੇ – ਮੰਦੇ ਕੰਮ ਵਿੱਚ ਨਰੇਸ਼ ਨੂੰ ਮੋਹਰੀ ਵੇਖ ਕੇ ਸਰਪੰਚ ਨੇ ਕਿਹਾ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ।”
2. ਉਲਟਾ ਚੋਰ ਕੋਤਵਾਲ ਨੂੰ ਡਾਂਟੇ
(ਜਦੋਂ ਕੋਈ ਕਸੂਰਵਾਰ ਬੇਕਸੂਰ ਨੂੰ ਡਾਂਟੇ ਤਾਂ ਆਖਦੇ ਹਨ) –
ਨਾਲੇ ਤਾਂ ਜਸਵਿੰਦਰ ਨੇ ਐਕਟਿਵਾ ਲਿਆ ਕੇ ਮੇਰੀ ਐਕਟਿਵਾ ਵਿੱਚ ਮਾਰੀ ਨਾਲੇ ਅੱਗੇ ਤੋਂ ਔਖੀ ਹੋ ਕੇ ਬੋਲਣ ਲੱਗ ਪਈ। ਸਾਰੇ ਲੋਕਾਂ ਨੇ ਕਿਹਾ ਤੇਰੀ ਤਾਂ ਉਹ ਗੱਲ ਹੈ ਉਲਟਾ ਚੋਰ ਕੋਤਵਾਲ ਨੂੰ ਡਾਂਟੇ।
3. ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ
( ਇਹ ਅਖਾਣ ਉਸ ਸਮੇਂ ਵਰਤਿਆਂ ਜਾਂਦਾ ਹੈ ਜਦੋਂ ਚੰਗੇ ਵਿਅਕਤੀ ਦੀ ਅਣਹੋਂਦ ਕਾਰਨ ਨਿਕੰਮੇ ਦੀ ਕਦਰ ਹੋਵੇ) –
ਇਸ ਵਾਰ ਜਦੋਂ ਹੁਸ਼ਿਆਰਪੁਰ ਦਾ ਸਰਪੰਚ ਹਰਦੀਪ ਚੁਣਿਆ ਗਿਆ ਤਾਂ ਲਾਗਲੇ ਪਿੰਡ ਵਾਲੇ ਗੱਲ ਕਰਨ ਗੱਲੇ ਕਿ ਲਓ ਭਈ ਹੁਣ ਤਾਂ, ਉਜੜੇ ਬਾਗਾ ਦੇ ਗਾਲ੍ਹੜ ਪਟਵਾਰੀ’ ਰਹਿ ਗਏ ਹਨ, ਪੜ੍ਹੇ – ਲਿਖੇ ਨੌਕਰੀਆਂ ਉੱਤੇ ਜਾਂ ਵਿਦੇਸ਼ ਚਲੇ ਗਏ।
4. ਉਲਟੀ ਵਾੜ ਖੇਤ ਨੂੰ ਖਾਏ
(ਜਦੋਂ ਰਖਵਾਲਾ ਹੀ ਨੁਕਸਾਨ ਪਹੁੰਚਾਏ ਤਾਂ ਇਹ ਅਖਾਣ ਵਰਤਿਆਂ ਜਾਂਦਾ ਹੈ)-
ਗੁਰਚਰਨ – ਕਹਿੰਦੇ ਹਨ ਕਿ ਇੱਕ ਬਾਦਸ਼ਾਹ ਹੁੰਦਾ ਸੀ ਉਸ ਦੇ ਬੰਦੇ ਰਾਜ ਵਿੱਚ ਆਪ ਚੋਰੀਆਂ ਕਰਾਉਂਦੇ ਸਨ।
ਸੁਰਜਣ – ਉਹ ਭਾਈ ਇਸੇ ਨੂੰ ਤਾਂ ਕਹਿੰਦੇ ਹਨ ਉਲਟੀ ਵਾੜ ਖੇਤ ਨੂੰ ਖਾਏ।
5. ਉੱਚਾ – ਲੰਮਾ ਗੱਭਰੂ ਪੱਲੇ ਠੀਕਰੀਆਂ
-(ਫੋਕੀ ਫੂ – ਫਾਂ ਵਾਲੇ ਵਿਅਕਤੀ ਲਈ ਵਰਤਿਆਂ ਜਾਂਦਾ ਹੈ) –
ਲਾਡੀ – ਲੈ ਸੁਣ ਉਹ ਬੰਦਾ ਉੱਤੋ ਐਨਾ ਬਣਿਆ – ਠਣਿਆ ਸੀ ਜਿਵੇਂ ਕੋਈ ਅਫ਼ਸਰ ਹੁੰਦਾ ਹੈ। ਮੇਰੇ ਗੁਆਂਢੀ ਨੇ ਤਾਂ ਦੱਸਿਆ ਕਿ ਬਾਈ ਉਸ ਨੇ ਤਾਂ ਕਦੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ।
ਸੁਖਵੰਤ – ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ ਦਾ ਅਖਾਣ ਵੀ ਤਾਂ ਇਹੋ ਜਿਹਿਆਂ ਲਈ ਹੀ ਵਰਤਿਆ ਜਾਂਦਾ ਹੈ।
6. ਉੱਥੇ ਅਮਲਾਂ ਤੇ ਹੋਣਗੇ ਨਿਬੇੜੇ, ਜਾਤ ਕਿਸੇ ਨਾ ਪੁੱਛਣੀ
(ਇਹ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਨਾ ਹੋਵੇ) –
ਪਿੰਡ ਦੇ ਸਰਪੰਚ ਨੇ ਜਸਵਿੰਦਰ ਡਾਕੂ ਨੂੰ ਸਮਝਾਦਿਆ ਕਿਹਾ, ਅਖ਼ੀਰ ਤਾਂ ਬੰਦੇ ਨੇ ਰੱਬ ਕੋਲ ਜਾਣਾ ਹੈ ਅਤੇ ਉੱਥੇ ਅਮਲਾਂ ਤੇ ਹੋਣਗੇ ਨਿਬੇੜੇ, ਜਾਤ ਕਿਸੇ ਨਾ ਪੁੱਛਣੀ ਤੇ ਉਹ ਕਾਹਨੂੰ ਇਸ ਛੋਟੇ ਟੱਬਰ ਖ਼ਾਤਰ ਪਾਪ ਕਰਦਾ ਹੈ।
7. ਉੱਖਲੀ ‘ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ
( ਔਖੇ ਕੰਮ ਨੂੰ ਹੱਥ ਪਾ ਲਵੋ ਤਾਂ ਔਕੜਾਂ ਤੋਂ ਘਬਰਾਉਣ ਦੀ ਲੋੜ ਨਹੀਂ)
– ਇਕ ਦੇਸ਼ ਭਗਤ ਨੂੰ ਸਾਥੀ ਨੇ ਸਜਾ ਤੋਂ ਬਚਣ ਲਈ ਸਰਕਾਰ ਤੋਂ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਪਰ ਦੇਸ਼ ਭਗਤ ਨੇ ਸਲਾਹ ਨਾ ਮੰਨਦਿਆਂ ਕਿਹਾ, ਉਖਲੀ ‘ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।
8. ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ
( ਫੜ੍ਹਾਂ ਮਾਰਨ ਵਾਲੇ ਲਈ ਵਰਤਿਆਂ ਜਾਂਦਾ ਹੈ ) –
ਬਿੰਦਰ ਵੱਡੀ ਕਾਰ ਲੈਣ ਦੀ ਫੜ੍ਹ ਮਾਰ ਰਹੀ ਸੀ। ਮੈਂ ਕਿਹਾ, ਤੂੰ ਸਾਈਕਲ ਹੀ ਲੈ ਲਵੇ ਤਾਂ ਉਹ ਹੀ ਵੱਡੀ ਗੱਲ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ।”
9. ਉੱਠ ਅੜਾਂਦਿਆਂ ਹੀ ਲੱਦੀਦੇ ਨੇ
( ਜੋ ਵਿਅਕਤੀ ਸਖ਼ਤੀ ਬਿਨਾਂ ਠੀਕ ਕੰਮ ਨਾ ਕਰੇ ਉਸ ਨਾਲ ਸੱਖ਼ਤੀ ਨਾਲ ਹੀ ਕੰਮ ਲੈਣਾ ਪੈਂਦਾ ਹੈ ) –
ਪਿਤਾ ਜੀ – ਤੁਸੀਂ ਜਾਣ ਦਿਓ। ਕਿਉਂ ਮੁੰਡੇ ਦੇ ਮਗਰ ਹੱਥ ਧੋ ਕੇ ਪਏ ਹੋ। ਉਸਦੀ ਹਾਲਤ ਤਾਂ ਦੇਖੋ।
ਮਾਂ – ਤੈਨੂੰ ਨਹੀਂ ਪਤਾ। ਉੱਠ ਅੜਾਂਦਿਆਂ ਹੀ ਲੱਦੀਦੇ ਨੇ।
10. ਉਸ਼ਨਾਕ ਬਾਹਮਣੀ ਸੀਂਢ ਦਾ ਤੜਕਾ
( ਜਦੋਂ ਕੋਈ ਵਿਅਕਤੀ ਉਪਰੋਂ ਤਾਂ ਬੜਾ ਸਾਫ਼ – ਸੁਥਰਾ ਨਜ਼ਰ ਆਵੇ, ਪਰ ਉਸ ਦੇ ਕੰਮ ਬੜੇ ਗੰਦੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) –
ਜਸਵਿੰਦਰ ਲੋਕਾਂ ਦੇ ਘਰਾਂ ਦੀ ਸਫ਼ਾਈ ਤਾਂ ਬਹੁਤ ਨਿੰਦਦੀ ਹੈ, ਪਰ ਜਦੋਂ ਉਸ ਦੇ ਘਰ ਜਾਓ ਤਾਂ ਪਤਾ ਲੱਗਦਾ ਹੈ ਕਿ ਹਰ ਪਾਸੇ ਗੰਦ ਹੈ, ਉਸ ਦੀ ਤਾਂ ਉਹ ਗੱਲ ਹੈ ਉਸਨਾਕ ਬਾਹਮਣੀ ਸੀਂਢ ਦਾ ਤੜਕਾ।
Loading Likes...