ਚੰਦਨ ਚਮਤਕਾਰ ਤੋਂ ਘੱਟ ਨਹੀਂ :
ਚੰਦਨ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ – ਦਾਗ – ਧੱਬੇ, ਝੁਰੜੀਆਂ ਅਤੇ ਛਾਈਆ ਨੂੰ ਦੂਰ ਕਰਨ ‘ਚ ਬਹੁਤ ਅਸਰਦਾਰ ਹੈ। ਚੰਦਨ ਸਕਿਨ ਨੂੰ ਨਿਖਾਰਦਾ ਅਤੇ ਚਮਕਦਾਰ ਬਣਾਉਂਦਾ ਹੈ। ਅਸੀਂ ਆਪਣੇ ਘਰ ਵਿਚ ਹੀ ਚੰਦਨ ਦੇ ਫੇਸ ਪੈਕ ਬਣਾ ਕੇ ਆਪਣੇ ਚੇਹਰੇ ਤੇ ਨਿਖਾਰ ਲਿਆ ਸਕਦੇ ਹਾਂ ਅਤੇ ਰਸਾਇਣ ਨਾਲ ਬਣੇ ਬਜ਼ਾਰੀ ਪੈਕ ਤੋਂ ਛੁਟਕਾਰਾ ਪਾ ਸਕਦੇ ਹਾਂ।
ਚੰਦਨ ਦੇ ਫੇਸ ਪੈਕ ਬਣਾਉਣ ਦੇ ਘਰੇਲੂ ਤਰੀਕੇ :
ਚੰਦਨ ਅਤੇ ਗੁਲਾਬ ਜਲ ਫੇਸ ਪੈਕ :
ਬਾਹਰ ਜਾਣ ਨਾਲ ਚਿਹਰੇ ਤੇ ਧੂੜ – ਮਿੱਟੀ ਤੇ ਹੋਰ ਗੰਦਗੀ ਬੈਠ ਜਾਂਦੀ ਹੈ। ਚਿਹਰੇ ਤੇ ਜੰਮੀ ਧੂੜ – ਮਿੱਟੀ ਨੂੰ ਸਾਫ ਕਰਨ ਲਈ ਚੰਦਨ ਤੇ ਗੁਲਾਬ ਜਲ ਨਾਲ ਬਣਿਆ ਫੇਸ ਪੈਕ ਬਹੁਤ ਵਧੀਆ ਸਿੱਧ ਹੁੰਦਾ ਹੈ।
ਬਣਾਉਣ ਦਾ ਤਰੀਕਾ :
ਥੋੜੇ ਜਹੇ ਚੰਦਨ ਦੇ ਪਾਊਡਰ ਨੂੰ ਗੁਲਾਬ ਜਲ ਦੇ ਨਾਲ ਇਕ ਕੌਲੀ ‘ਚ ਮਿਲਾ ਲਵੋ। ਇਸ ਲੇਪ ਨੂੰ ਆਪਣੇ ਚਿਹਰੇ ਤੇ ਲਾਓ। ਜਦੋਂ ਇਹ ਸੁੱਕ ਜਾਵੇ ਤਾਂ ਚਿਹਰਾ ਸਾਫ ਪਾਣੀ ਨਾਲ ਧੋ ਲਓ। ਤੁਹਾਡਾ ਚਿਹਰਾ ਖਿੜਿਆ – ਖਿੜਿਆ ਤੇ ਸਾਫ਼ ਨਜ਼ਰ ਆਏਗਾ।
ਬਾਦਾਮ, ਦੁੱਧ ਤੇ ਚੰਦਨ ਦਾ ਫੇਸ ਪੈਕ :
ਕਿਲ – ਮੁਹਾਸੇ ਅਤੇ ਛਾਈਆਂ ਦੂਰ ਕਰਨ ਲਈ ਬਾਦਾਮ, ਦੁੱਧ ਤੇ ਚੰਦਨ ਦਾ ਫੇਸ ਪੈਕ ਲਾਓ।
ਬਣਾਉਣ ਦਾ ਤਰੀਕਾ :
ਇਕ ਕੌਲੀ ਵਿਚ ਬਾਦਾਮ ਲਓ ਅਤੇ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ ਵਿਚ ਥੋੜ੍ਹਾ ਜਿਹਾ ਦੁੱਧ ਤੇ ਚੰਦਨ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਬਣੀ ਹੋਈ ਪੇਸਟ ਨੂੰ ਚਿਹਰੇ ਤੇ ਲਾਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਧੋ ਕੇ ਚਿਹਰਾ ਸਾਫ ਕਰ ਲਓ।
ਚੰਦਨ, ਹਲਦੀ ਤੇ ਕਪੂਰ ਫੇਸ ਪੈਕ :
ਮੁਹਾਸਿਆਂ ਤੋਂ ਛੁਟਕਾਰਾ ਪਾਉਣਾ ਲਈ ਕਾਰਗਰ ਹੈ ਚੰਦਨ, ਹਲਦੀ ਤੇ ਕਪੂਰ ਦਾ ਫੇਸ ਪੈਕ।
ਬਣਾਉਣ ਦਾ ਤਰੀਕਾ :
2 ਚਮਚ ਚੰਦਨ ਪਾਊਡਰ, ਇਕ ਚਮਚ ਹਲਦੀ ਅਤੇ ਅੱਧਾ ਚਮਚ ਕਪੂਰ ਪਾਊਡਰ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਾਓ। ਲਗਭਗ ਅੱਧੇ ਘੰਟੇ ਬਾਅਦ ਚਿਹਰਾ ਸਾਫ਼ ਕਰ ਲਓ। ਇਸ ਨੂੰ ਰੋਜ਼ ਲਾਓ। ਕੁਝ ਹੀ ਦਿਨਾਂ ਵਿਚ ਤੁਹਾਨੂੰ ਫ਼ਰਕ ਲੱਗਣ ਲੱਗ ਜਾਵੇਗਾ।
ਚੰਦਨ, ਹਲਦੀ ਤੇ ਨਿੰਬੂ ਫੇਸ ਪੈਕ :
ਜੇਕਰ ਚਿਹਰੇ ਦੀ ਰੰਗਤ ਘਟ ਗਈ ਲਗਦੀ ਹੈ ਤਾਂ ਚੰਦਨ, ਹਲਦੀ ਤੇ ਨਿੰਬੂ ਨਾਲ ਬਣਿਆ ਫੇਸ ਪੈਕ ਵਰਤਣ ਨਾਲ ਫਾਇਦਾ ਹੁੰਦਾ ਹੈ।
ਬਣਾਉਣ ਦਾ ਤਰੀਕਾ :
ਥੋੜੀ ਜਿਹੀ ਹਲਦੀ ਤੇ ਚੰਦਨ ਦਾ ਪਾਊਡਰ ਲਓ ਅਤੇ ਉਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਲੇਪ ਬਣਾ ਲਓ। ਇਸ ਲੇਪ ਨੂੰ 20 ਮਿੰਟ ਚਿਹਰੇ ਤੇ ਲਗਾਈ ਰੱਖਣ ਤੋਂ ਬਾਅਦ ਪਾਣੀ ਨਾਲ ਧੋ ਲਓ। ਫ਼ਰਕ ਆਪਣੇ ਆਪ ਪਤਾ ਲੱਗ ਜਾਏਗਾ।
Loading Likes...