ਇਕ ਨੁਕਤੇ ਵਿਚ ਗੱਲ ਮੁੱਕਦੀ ਏ। ਟੇਕ।
ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ।
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦਿਆਂ ਖ਼ਵਾਬਾਂ ਨੂੰ।
ਗੱਲ ਏਸੇ ਘਰ ਵਿਚ ਢੁਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ।
ਐਵੇਂ ਮੱਥਾ ਜ਼ਿਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈਦਾ।
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈਦਾ।
ਕਦੀ ਬਾਤ ਸੱਚੀ ਵੀ ਲੁੱਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ।
ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ।
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ।
ਕਦੀ ਬਾਤ ਸੱਚੀ ਵੀ ਲੁਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ।
ਇਕ ਜੰਗਲ ਬਹਿਰੀਂ ਜਾਂਦੇ ਨੀਂ, ਇਕ ਦਾਣਾ ਰੋਜ਼ ਲੈ ਖਾਂਦੇ ਨੀ।
ਬੇਸਮਝ ਵਜੂਦ ਥਕਾਂਦੇ ਨੀ, ਘਰ ਆਵਣ ਹੋ ਕੇ ਮਾਂਦੇ ਨੀ।
ਐਵੇਂ ਚਿੱਲ੍ਹਿਆਂ ਵਿਚ ਜਿੰਦ ਸੁਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ।
ਫੜ ਮੁਰਸ਼ਦ ਆਬਦ ਖ਼ੁਦਾਈ ਹੋ, ਵਿਚ ਮਸਤੀ ਬੇਪਰਵਾਹੀ ਹੋ।
ਬੇਖ਼ਾਹਸ਼ ਬੇਨਵਾਈ ਹੋ, ਵਿਚ ਦਿਲ ਦੇ ਖ਼ੂਬ ਸਫ਼ਾਈ ਹੋ।
ਬੁਲ੍ਹਾ ਬਾਤ ਸੱਚੀ ਕਦੋਂ ਰੁੱਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ।