ਬਾਰ – ਬਾਰ ਫੱਬਣਾ
ਤੇਰਾ ਬਾਰ – ਬਾਰ ਫੱਬਣਾ ਜ਼ਰੂਰੀ ਤੇ ਨਹੀਂ
ਬਾਰ – ਬਾਰ ਸ਼ੀਸ਼ੇ ਮੋਹਰੇ ਹੋਣਾ ਵੀ , ਜ਼ਰੂਰੀ ਤੇ ਨਹੀਂ
ਫੇਰ ਕਿਉਂ ਕਿਸੇ ਹੋਰ ਦੇ ਕ਼ਤਲ ਦੀ, ਤਿਆਰੀ ਕਰਦੀ ਏ
ਨੈਣ ਹੀ ਬਹੁਤ ਨੇ
ਕੱਜਲ ਜ਼ਰੂਰੀ ਤੇ ਨਹੀਂ।
ਤੇਰਾ ਤੁਰਨਾ ਸੱਪਣੀ ਵਾਂਗ ਵੀ, ਜ਼ਰੂਰੀ ਤੇ ਨਹੀਂ
ਨਾਲ ਗਿੱਟਿਆਂ ਲੰਮੀ ਗੁੱਤ ਵੀ, ਜ਼ਰੂਰੀ ਤੇ ਨਹੀਂ
ਉੱਤੋਂ ਗੁੱਤ ਨੂੰ ਹੱਥਾਂ ਨਾਲ ਘੁਮਾਉਂਦੀ ਏ
ਤੇ ਗੜਬਾ ਰੱਖ ਕੇ ਤੁਰਦੀ ਏ
ਇਹ ਗੜਬਾ ਵੀ, ਜ਼ਰੂਰੀ ਤੇ ਨਹੀਂ।
ਪਹਿਲਾਂ ਹੀ ਰੱਬ ਨੇ ਕਰਾਮਾਤ ਕਰਾਈ ਏ
ਗੱਲ੍ਹਾਂ ਤੇ ਤਿਲ ਤੇਰੇ
ਉੱਤੋਂ ਕਾਲਾ ਟਿੱਕਾ, ਜ਼ਰੂਰੀ ਤੇ ਨਹੀਂ
ਲਟਾਵਾਂ ਤਾਂ ਪਹਿਲਾਂ ਹੀ ਹਵਾ ਨਾਲ ਹੁਲਾਰੇ ਲੈਂਦੀਆਂ ਨੇ
ਉਂਗਲੀਆਂ ਨਾਲ ਘੁਮਾਉਣਾ, ਜ਼ਰੂਰੀ ਤੇ ਨਹੀਂ।
ਫੱਬਦੀ ਏ ਤੂੰ ਪੰਜਾਬੀ ਸੂਟਾਂ ‘ਚ ਹੀ ਬਹੁਤ
ਨਵਾਂ – ਨਵਾਂ ਫੈਸ਼ਨ, ਜ਼ਰੂਰੀ ਤੇ ਨਹੀਂ।
ਕਿਉਂ ਮੇਰਾ ਦਿਲ ਬਾਰ – ਬਾਰ ਦੁਖਾਉਂਦੀ ਏ
ਤੇਰਾ ਬਾਰ – ਬਾਰ, ਬਾਰ – ਬਾਰ
ਮੁੜ ਤੱਕਣਾ ਜ਼ਰੂਰੀ ਤੇ ਨਹੀਂ।
ਅੱਖਾਂ ਨਾਲ ਹੀ ਬਹੁਤ ਕੁੱਝ ਕਹਿੰਦੀ ਏ
ਬੋਲਣਾ ਤੇਰਾ, ਜ਼ਰੂਰੀ ਤੇ ਨਹੀਂ
ਸਮਝ ਨਾ ਆਵੇ ਤਾਂ ਮੇਰੇ ਕੋਲੋਂ ਪੁੱਛ
ਰਾਜ ਚੁੱਪੀ ਦਾ
ਬਾਰ – ਬਾਰ, ਬਾਰ – ਬਾਰ ਤੈਨੂੰ ਕੁੱਝ
‘ਅਲਫਾਜ਼’ ਸਮਝਾਏ
ਜ਼ਰੂਰੀ ਤੇ ਨਹੀਂ।
Loading Likes...