ਅਧਿਆਤਮਿਕ ਉੱਨਤੀ ਲਈ ਧਰਮ :
ਧਰਮ ਬਣਾਇਆ ਤਾਂ ਗਿਆ ਸੀ ਸਮਾਜ ਦੇ ਹਰ ਵਿਅਕਤੀ ਦੀ ਅਧਿਆਤਮਿਕ ਉੱਨਤੀ ਲਈ ਪਰ ਹਰ ਵਾਰ ਧਰਮ ਦੇ ਦੌਰ ਵਿਚ ਦੋਸ਼ ਆਏ ਅਤੇ ਇਸ ਦੇ ਪੈਰੋਕਾਰਾਂ ਨੇ ਇਸ ਨੂੰ ਸ਼ੋਸ਼ਣ ਦਾ ਵਸੀਲਾ ਬਣਾ ਲਿਆ। ਫਿਰ ਤਰਕਸ਼ੀਲ ਸੋਚ ਸਾਹਮਣੇ ਆਈ ਅਤੇ ਉਹ ਵਿਕਸਿਤ ਧਰਮ ਦੀਆਂ ਕੁਰੀਤੀਆਂ ਨੂੰ ਦੂਰ ਕਰਦੀ ਰਹੀ ਤੇ ਜੋ ਅੱਜ ਵੀ ਕਰ ਰਹੀ ਹੈ।
ਜਿਹੜੇ ਧਰਮਾਂ ‘ਚ ਸੁਧਾਰ ਕਰਨ ‘ਤੇ ਸਖਤ ਪਾਬੰਦੀ ਰਹੀ ਉਹ ਉਹਨਾਂ ਦੇ ਪੈਰੋਕਾਰਾਂ ਨੂੰ ਜੜ੍ਹਾਂ ਵਾਲੇ ਬਣਾਉਂਦੇ ਰਹੇ। ਧਰਮ ਦੇ ਠੇਕੇਦਾਰਾਂ ਦਾ ਕਿਸੇ ਵੀ ਸੁਧਾਰ ਪ੍ਰਤੀ ਵਿਰੋਧ ਰਿਹਾ ਹੈ।
ਭਾਰਤ ਵਿਚ ਜਾਤੀਵਾਦ ਇਕ ਅਜਿਹਾ ਹੀ ਨਾਸੂਰ ਹੈ ਜਿਸ ਨੂੰ ਧਾਰਮਿਕ ਸੰਸਥਾਵਾਂ ਨੇ ਬਹੁਤ ਘੱਟ ਖਤਮ ਕਰਨ ਦੇ ਯਤਨ ਕੀਤੇ ਜੋ ਅਜੇ ਵੀ ਰਿਸ ਰਿਹਾ ਹੈ।
ਛੋਟੀ ਸੋਚ ਦੇ ਕੁਝ ਉਧਾਹਰਣ :
ਰਾਜਸਥਾਨ ਦੇ ਬੰਦੀ ਦੇ ਇਕ ਪਿੰਡ ਵਿੱਚ ਪਹਿਲੀ ਵਾਰ ਇਕ ਦਲਿਤ ਘੋੜੀ ‘ਤੇ ਚੜ੍ਹ ਕੇ ਵਿਆਹ ਕਰਨ ਪਹੁੰਚਿਆ। ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੀ ਫੌਜ ਇਸ ਦੇ ਲਈ ਲਗਾਤਾਰ ਖੜ੍ਹੀ ਰਹੀ ਅਤੇ ਵਿਆਹ ਦੇ ਜਲੂਸ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇਣੀ ਪਈ।
ਪਿੰਡ ਦੇ ਦਲਿਤਾਂ ‘ਚ ਇਕ ਨਵਾਂ ਉਤਸ਼ਾਹ ਆਉਣਾ ਲਾਜ਼ਮੀ ਹੀ ਸੀ।ਕਿਉਂਕਿ ਪਿੰਡ ਵਿੱਚ ਦਲਿਤਾਂ ਨੂੰ ਵਿਆਹ ਲਈ ਘੋੜੀ ‘ਤੇ ਚੜ੍ਹਨ ਦੀ ਇਜਾਜ਼ਤ ਨਹੀਂ ਸੀ। ਜੇਕਰ ਕੋਈ ਦਲਿਤ ਇਸ ਨਿਯਮ ਨੂੰ ਤੋੜਦਾ ਤਾਂ ਉੱਚੀ ਜਾਤੀ ਦੇ ਲੋਕ ਉਨ੍ਹਾਂ ‘ਤੇ ਹਮਲਾ ਕਰਨ ਦੇ ਇਲਾਵਾ ਕਈ ਤਰ੍ਹਾਂ ਦੇ ਤਸੀਹੇ ਦਿੰਦੇ। ਇਸੇ ਕਰਕੇ ਕਿਸੇ ਵੀ ਦਲਿਤ ਵਿਚ ਅਜਿਹਾ ਕਰਨ ਦੀ ਹਿੰਮਤ ਹੀ ਨਹੀਂ ਹੁੰਦੀਂ ਸੀ ।
ਜ਼ਿਲਾ ਪ੍ਰਸ਼ਾਸਨ ਲਈ ਇਹ ਇਕ ਬਹੁਤ ਵੱਡੀ ਚੁਣੌਤੀ ਬਣ ਗਈ ਸੀ ਅਤੇ ਅੱਗੇ ਵੀ ਰਹੇਗੀ ਕਿਉਂਕਿ ਬਾਅਦ ਵਿੱਚ ਵੀ ਰਹਿਣਾ ਤੇ ਉਹਨਾਂ ਨੇ ਉਸੇ ਪਿੰਡ ਵਿਚ ਹੀ ਹੈ।
ਸੰਵਿਧਾਨ ਵਿਚ ਸਾਰੀਆਂ ਵਿਵਸਥਾਵਾਂ :
ਸਾਡੇ ਸੰਵਿਧਾਨ ਨੇ ਤਾਂ ਇਸ ਦੇ ਵਿਰੁੱਧ ਸਾਰੀਆਂ ਵਿਵਸਥਾਵਾਂ ਬਣਾਈਆਂ ਹੋਈਆਂ ਨੇ। ਇਸ ਦੇ ਅਨੁਸਾਰ ਹਰ ਕਾਨੂੰਨ ਬਣੇ ਹੋਏ ਨੇ। ਸਮਾਂ ਪੈਣ ‘ਚ ਉਨ੍ਹਾਂ ਨੂੰ ਕਾਫੀ ਸਖਤ ਵੀ ਕੀਤਾ ਗਿਆ।
ਉਮੀਦ ਤਾਂ ਇਹੋ ਹੀ ਲਗਾਈ ਜਾ ਰਹੀ ਸੀ ਕਿ ਲੋਕਾਂ ਵਿਚ ਸਿੱਖਿਆ ਦੇ ਪ੍ਰਸਾਰ ਅਤੇ ਵਿਗਿਆਨਿਕ ਸੋਚ ਦੇ ਆਉਣ ਨਾਲ ਇਹ ਬੁਰਾਈਆਂ ਨੂੰ ਖਤਮ ਹੋ ਜਾਣਗੀਆਂ।
ਨੈਤਿਕ ਅਤੇ ਧਰਮ ਸੰਗਤ :
ਪਰ ਭਾਰਤੀ ਸਮਾਜ ਦਾ ਇਕ ਵਰਗ ਜੋ ਅੱਜ ਵੀ ਜਾਤੀ – ਵਿਤਕਰੇ ਦਾ ਇੰਨਾ ਮਾੜਾ ਚਿਹਰਾ ਲਈ ਖੜ੍ਹਾ ਹੈ ਅਤੇ ਇਹ ਮੰਨਦਾ ਹੈ ਕਿ ਉਸ ਦਾ ਇਹ ਕਦਮ ਨੈਤਿਕ ਅਤੇ ਧਰਮ-ਸੰਗਤ ਹੈ ?
ਕੀ ਸਿੱਖਿਆ ਅਤੇ ਵਿਗਿਆਨਿਕ ਸੋਚ ਨਾਲ ਕੋਈ ਬਦਲਾਵ ਨਹੀਂ ਆਇਆ ਕਿ ਇਹ ਜਾਣ ਸਕੇ ਕਿ ਜੇਕਰ ਉਸ ਦੇ ਪੂਜਣ ਯੋਗ ਪ੍ਰਮਾਤਮਾ ਨੇ ਮਨੁੱਖਾਂ ‘ਚ ਵਿਤਕਰਾ ਨਹੀਂ ਕੀਤਾ ਤਾਂ ਉਸ ਨੂੰ ਇਹ ਸਭ ਹੱਕ ਕਿਸਨੇ ਦਿੱਤਾ ਕਿ ਦਲਿਤ ਨੂੰ ਅੱਜ ਵੀ ਆਪਣੇ ਤਲੇ ਦੇ ਹੇਠਾਂ ਰੱਖੇ ?
ਘੋੜੀ ਤੇ ਚੜ੍ਹਨਾ ਕਿਸੇ ਧਰਮ ਸ਼ਾਸਤਰ ‘ਚ ਉੱਚੀ ਜਾਤੀ ਦਾ ਵਿਸ਼ੇਸ਼ ਅਧਿਕਾਰ ਨਹੀਂ ਬਣਾਇਆ ਗਿਆ ਹੈ। ਮੂਲ ਧਰਮ ਦੀ ਵਿਵਸਥਾ ਵਿਚ ਜੀਵਨ ਪ੍ਰਤੀ ਪ੍ਰੇਮ ਹੀ ਮੂਲ ਅੰਸ਼ ਹੁੰਦਾ ਹੈ। ਆਓ ਮਿਲ ਕੇ ਇਸ ਬਿਮਾਰੀ ਤੋਂ ਭਾਰਤੀ ਸਮਾਜ ਨੂੰ ਮੁਕਤ ਕਰਵਾਇਆ ਜਾਵੇ।
ਰੋਜ਼ੀ – ਰੋਟੀ ਸਾਇੰਸ ਨਾਲ ਪਰ ਵਿਸ਼ਵਾਸ ਭੂਤ – ਪ੍ਰੇਤਾਂ ਵਿਚ :
ਇਕ ਵਿਗਿਆਨਿਕ ਸੰਸਥਾ ਦੇ ਨਵੇਂ ਨਿਰਦੇਸ਼ਕ ਨੇ ਆਪਣੀ ਵੈੱਬਸਾਈਟ ਰਾਹੀਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਦੋਸਤ ਦੇ ਪੂਰੇ ਘਰ ਅਤੇ ਪਰਿਵਾਰ ਨੂੰ ਮੰਤਰਾਂ ਦਾ ਉਚਾਰਨ ਕਰ ਕੇ ਭੂਤ – ਪ੍ਰੇਤ ਤੋਂ ਮੁਕਤ ਕੀਤਾ।
ਵਿਗਿਆਨ ਬਹੁਤ ਸਾਰੀਆਂ ਘਟਨਾਵਾਂ ਨੂੰ ਨਹੀਂ ਸਮਝ ਸਕਦਾ, ਇਹ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੇ ਇਸ ਪ੍ਰੋਫੈਸਰ ਦਾ ਮੰਨਣਾ ਹੈ, ਵਾਹ! ਸੰਵਿਧਾਨ ਦੀ ਧਾਰਾ 51 ਏ (ਐੱਚ) ਵਿਚ ਵਿਗਿਆਨਿਕ ਮਨੋਬਿਰਤੀ ਵਿਕਸਿਤ ਕਰਨਾ ਹਰ ਨਾਗਰਿਕ ਦਾ ਫਰਜ਼ ਹੈ।
ਉਸ ਵੀਡੀਓ ‘ਚ ਪ੍ਰੋਫੈਸਰ ਨੇ ਦੱਸਿਆ ਕਿ ਉਹ ਮੰਤਰਾਂ ਦਾ ਉਚਾਰਨ ਕਰ ਰਹੇ ਸੀ ਤਾਂ ਉਸ ਦੇ ਦੋਸਤ ਦੇ ਪਿਤਾ ਨੂੰ ਇਕ ਭੂਤ ਲਗਭਗ ਖਾਣ ਹੀ ਵਾਲਾ ਸੀ ਪਰ ਜ਼ੋਰ – ਜ਼ੋਰ ਨਾਲ ਮੰਤਰ ਉਚਾਰਨ ਦੇ ਅਸਰ ਨਾਲ ਉਹ ਭੱਜ ਗਿਆ।
ਪ੍ਰੋਫੈਸਰ ਨੇ ਇਕ ਆਈ. ਆਈ. ਟੀ. ਤੋਂ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੀ ਪੀ. ਐੱਚ. ਡੀ. ਕੀਤੀ, ਫਿਰ ਵਿਦੇਸ਼ ਤੋਂ ਪੋਸਟ-ਡਾਕਟੋਰਲ ਡਿਗਰੀ ਵੀ ਲਈ ਅਤੇ ਉਹ ਇਸ ਤੋਂ ਪਹਿਲਾਂ ਇਕ ਵਿਗਿਆਨਿਕ ਸੰਸਥਾ ‘ਚ ਪ੍ਰੋਫੈਸਰ ਸੀ।
ਉਨ੍ਹਾਂ ਇਸ ਅਹੁਦੇ ਦੀ ਚੋਣ ਦੇਸ਼ ਦੇ ਸਿੱਖਿਆ ਮੰਤਰੀ ਦੀ ਅਗਵਾਈ ਵਾਲੀ ਉਸ ਕਮੇਟੀ ਨੇ ਕੀਤੀ ਹੈ ਜਿਸ ਵਿਚ ਦੇਸ਼ ਦੇ ਪ੍ਰਮੁੱਖ ਵਿਗਿਆਨੀ ਹਨ।
ਕਮੇਟੀ ਦੇ ਸਾਰੇ ਮੈਂਬਰ – ਵਿਗਿਆਨਿਕ ਪ੍ਰੋਫੈਸਰ ਦੇ ਇਸ ਗਿਆਨ’ ਤੋਂ ਪੱਕਾ ਜਾਣੂ ਹੋਣਗੇ ਕਿਉਂਕਿ ਇਹ ਵੀਡੀਓ ਲਗਭਗ 7 ਮਹੀਨੇ ਪਹਿਲਾਂ ਅਪਲੋਡ ਕੀਤੀ ਗਈ ਸੀ।
ਤਰਕ – ਵਾਕ ਸਿਰਫ ਇਕ ਵਿਅਕਤੀ ਦੇ ਬਿਆਨ ‘ਤੇ ਆਧਾਰਿਤ ਹੈ ਜਿਸ ਦਾ ਲੋਕਾਂ ਵਿਚ ਦੋਬਾਰਾ ਵਾਪਰਨਾ ਹੋ ਹੀ ਨਹੀਂ ਸਕਦਾ।
ਅਜਿਹੇ ਵਿਅਕਤੀ ਦੀ ਮਾਨਤਾ ਖਾਰਿਜ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਭੂਤਾਂ ‘ਤੇ ਖੋਜ ਕਰਨ ਦਾ ਸਮਾਂ ਮਿਲੇ। ਅਤੇ ਉਹਨਾਂ ਨੂੰ ਉਹਨਾਂ ਦੇ ਉਚਾਰੇ ਮੰਤਰ ਵੀ ਯਾਦ ਰਹਿਣ।
ਸਮਾਜਿਕ ਸੰਤੁਲਨ ਨੂੰ ਖ਼ਤਰਾ ਕਿਉਂ ? :
ਦਲਿਤ ਦੇ ਘੋੜੀ ‘ਤੇ ਚੜ੍ਹਨ ਨਾਲ ਉੱਚ ਜਾਤੀ ਦੇ ਇਕ ਵਰਗ ਦਾ ਸਮਾਜਿਕ ਸੰਤੁਲਨ ਲਈ ਖਤਰਾ ਕਿਉਂ?। ਪਹਿਲਾਂ ਸਮਾਜਿਕ ਪੱਧਰ ਲਈ ਜਾਤੀਆਂ ਬਣਾਈਆਂ ਗਈਆਂ ਸਨ ਪਰ ਇਕ ਵਰਗ ਇਸ ਤੋਂ ਅੱਜ ਵੀ ਬਾਹਰ ਨਹੀਂ ਨਿਕਲ ਸਕਿਆ ਹੈ ਅਤੇ ਇਕ ਵਿਗਿਆਨ ‘ਚ ਚੰਗੀ ਤਰ੍ਹਾਂ ਜਾਣੂ ਅਤੇ ਦੇਸ਼ ਦੇ ਪ੍ਰਮੁੱਖ ਤਕਨੀਕੀ ਸੰਸਥਾ ਦੇ ਡਾਇਰੈਕਟਰ ਦਾ ਮੰਤਰ ਪੜ੍ਹ ਕੇ ਇਹ ਦਾਅਵਾ ਕਰਨਾ ਕਿ ਬੁੱਢੇ ਨੂੰ ਭੂਤ ਨਿਗਲ ਰਿਹਾ ਸੀ ਪਰ ਭੂਤ ਉਸ ਦੀ ਆਵਾਜ਼ ਤੋਂ ਡਰ ਕੇ ਭੱਜ ਗਿਆ, ਇਹ ਵੀ ਇਕ ਖਾਸ ਤਰ੍ਹਾਂ ਦੀ ਸੋਚ ਦੇ ਵੱਖ-ਵੱਖ ਰੂਪ ਹਨ।
ਜੇ ਅਸੀਂ ਸਭ ਜਾਤਾਂ ਨੂੰ ਖ਼ਤਮ ਕਰ ਦੇਵਾਂਗੇ ਤਾਂ ਉੱਚ ਜਾਤੀ ਦੇ ਸਮਾਜ ਨੂੰ ਕੀ ਖ਼ਤਰਾ ਹੋਵੇਗਾ ? ਉਹ ਵੀ ਅੱਜ ਦੇ ਸਮੇ ਵਿਚ ਜੱਦ ਕਿ ਵਿਗਿਆਨ ਦਾ ਸਮਾਂ ਹੈ। ਅਸੀਂ 5 ਜੀ ਨੂੰ ਚਾਲੂ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਈ ਹਾਂ। ਪਰ ਵਿਗਿਆਨਿਕ ਸੋਚ ਨਾਲ ਵੀ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ। ਲੜਾਈ ਦੇ ਜਹਾਜ਼ ਨੂੰ ਚਲਾਉਣ ਤੋਂ ਪਹਿਲਾਂ ਉਹਨਾਂ ਦੇ ਟਾਇਰਾਂ ਥੱਲੇ ਨੀਂਬੂ ਦਿੰਦੇ ਹਾਂ। ਇਹ ਕਿੱਥੋਂ ਦੀ ਵਿਗਿਆਨਿਕ ਸੋਚ ਹੈ।
ਅਸੀਂ ਵਿਗਿਆਨ ਨੂੰ ਵੀ ਵਹਿਮਾਂ ਭਰਮਾਂ ਨਾਲ ਜੋੜਨ ਲੱਗ ਜਾਂਦੇ ਹਾਂ। ਜੇ ਰਸਤੇ ਵਿਚ ਸਾਡੀ ਮੋਟਰ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਅਸੀ ਦਿਨ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ ਕਿ ਅੱਜ ਇਹ ਦਿਨ ਹੈ ਤਾਂ ਹੀ ਸਾਡੇ ਨਾਲ ਇਹ ਹੋਇਆ ਹੈ। ਇਹ ਸੋਚ ਰੱਖਣ ਵਾਲਿਆਂ ਨੂੰ ਮੋਟਰ ਗੱਡੀ ਵਿਚ ਬੈਠਣ ਦਾ ਕੋਈ ਹਕ਼ ਨਹੀਂ ਹੋਣਾ ਚਾਹੀਦਾ।