ਇਹ ਦੁੱਖ ਜਾ ਕਹੂੰ ਕਿਸ ਆਗੇ, ਰੁਮ ਰੁਮ ਘਾ ਪ੍ਰੇਮ ਕੇ ਲਾਗੇ। ਟੇਕ।
ਸਿਕਤ ਸਿਕਤ ਹੈ ਰੈਣ ਵਿਹਾਣੀ, ਹਮਰੇ ਪੀਆ ਨੇ ਪੀੜ ਨ ਜਾਣੀ।
ਬਿਲਕਤ ਬਿਲਕਤ ਰੈਣ ਵਿਹਾਸੀ, ਹਾਸੇ ਦੀ ਗਲ ਪੈ ਗਈ ਫਾਸੀ।
ਇਕ ਮਰਨਾ ਦੂਜਾ ਜਗ ਦੀ ਹਾਂਸੀ, ਕਰਤ ਫਿਰਤ ਨਿੱਤ ਮੋਹੀ ਰੇ ਮੋਹੀ।
ਕੌਣ ਕਰਕੇ ਮੋਹੇ ਸੇ ਦਿਲਜੋਈ, ਸ਼ਾਮ ਪੀਆ ਮੈਂ ਦੇਤੀ ਤੂੰ ਧਰੋਈ।
ਦੁੱਖ ਜਗ ਕੇ ਮੋਹੇ ਪੂਛਣ ਆਏ, ਜਿਨ ਕੇ ਪੀਆ ਪਰਦੇਸ ਸਿਧਾਏ।
ਨਾ ਪੀਆ ਆਏ ਨਾ ਪੀਆ ਆਏ, ਇਹ ਦੁੱਖ ਜਾ ਕਹੂੰ ਕਿਸ ਜਾਏ।
ਬੁਲ੍ਹਾ ਸ਼ਾਹ ਘਰ ਆ ਪਿਆਰਿਆ, ਇਕ ਘੜੀ ਕੇ ਕਰਨ ਗੁਜ਼ਾਰਿਆ।
ਇਹ ਦੁੱਖ ਜਾ ਕਹੂੰ ਕਿਸ ਆਗੇ, ਰੁਮ ਰੁਮ ਘਾ ਪ੍ਰੇਮ ਕੇ ਲਾਗੇ।