ਇਸ ਨੇਹੁੰ ਦੀ ਉਲਟੀ ਚਾਲ।
ਸਾਬਰ ਨੇ ਜਦ ਨੇਹੁੰ ਲਗਾਇਆ, ਦੇਖ ਪੀਆ ਨੇ ਕੀ ਦਿਖਲਾਇਆ।
ਰਗ ਰਗ ਅੰਦਰ ਕਿਰਮ ਚਲਾਇਆ, ਜ਼ੋਰਾਵਰ ਦੀ ਗੱਲ ਮੁਹਾਲ।
ਇਸ ਨੇਹੁੰ ਦੀ ਉਲਟੀ ਚਾਲ।
ਜ਼ਿਕਰੀਆ ਨੇ ਜਦ ਪਾਇਆ ਕਹਾਰਾ, ਜਿਸ ਦਮ ਵਜਿਆ ਇਸ਼ਕ ਨੱਕਾਰਾ।
ਧਰਿਆ ਸਿਰ ਤੇ ਤਿੱਖਾ ਆਰਾ, ਕੀਤਾ ਐਡ ਜ਼ਵਾਲ।
ਇਸ ਨੇਹੁੰ ਦੀ ਉਲਟੀ ਚਾਲ।
ਯਹਿਯੇ ਨੇ ਪਾਈ ਝਾਤੀ, ਰਮਜ਼ ਇਸ਼ਕ ਦੀ ਲਾਈ ਕਾਤੀ।
ਜਲਵਾ ਦਿੱਤਾ ਆਪਣਾ ਜ਼ਾਤੀ, ਤਨ ਖੰਜਰ ਕੀਤਾ ਲਾਲ।
ਇਸ ਨੇਹੁੰ ਦੀ ਉਲਟੀ ਚਾਲ।
ਆਪ ਇਸ਼ਾਰਾ ਅੱਖ ਦਾ ਕੀਤਾ, ਤਾਂ ਮਧੂਵਾ ਮਨਸੂਰ ਨੇ ਪੀਤਾ।
ਸੂਲੀ ਚੜ੍ਹ ਕੇ ਦਰਸ਼ਨ ਲੀਤਾ, ਹੋਇਆ ਇਸ਼ਕ ਕਮਾਲ।
ਇਸ ਨੇਹੁੰ ਦੀ ਉਲਟੀ ਚਾਲ।
ਸੁਲੇਮਾਨ ਨੂੰ ਇਸ਼ਕ ਜੋ ਆਇਆ, ਮੁੰਦਰਾ ਹੱਥੋਂ ਚਾ ਗਵਾਇਆ।
ਤਖਤ ਨਾ ਪਰੀਆਂ ਦਾ ਫਿਰ ਆਇਆ, ਭੱਠ ਝੋਕੇ ਪਿਆ ਬੇਹਾਲ।
ਇਸ ਨੇਹੁੰ ਦੀ ਉਲਟੀ ਚਾਲ।
ਬੁਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ।
ਗੱਲ ਨਾ ਬਣਦੀ ਤੇਰੀ ਮੇਰੀ, ਛੱਡ ਦੇ ਸਾਰੇ ਵਹਿਮ ਖਿਆਲ।
ਇਸ ਨੇਹੁੰ ਦੀ ਉਲਟੀ ਚਾਲ।