ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।
ਅੰਦਰ ਖ਼ਵਾਬ ਵਿਛੋੜਾ ਹੋਇਆ, ਖ਼ਬਰ ਨਾ ਪੇਂਦੀ ਤੇਰੀ।
ਸੁੰਞੀ ਬਨ ਵਿਚ ਲੁੱਟੀ ਸਾਈਆਂ, ਚੋਰ ਸ਼ੰਗ ਨੇ ਘੇਰੀ।
ਮੁੱਲਾਂ ਕਾਜ਼ੀ ਰਾਹ ਬਤਾਵਣ, ਦੇਣ ਧਰਮ ਦੇ ਫੇਰੇ।
ਇਹ ਤਾਂ ਠੱਗ ਨੇ ਜੱਗ ਦੇ ਝੀਵਰ, ਲਾਵਣ ਜਾਲ ਚੁਫੇਰੇ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ ,ਸੰਗਲ ਪਾਵਣ ਪੈਰੀਂ।
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ।
ਨਦਿਉਂ ਪਾਰ ਮੁਲਕ ਸੱਜਨ ਦਾ, ਲੋਭ ਲਹਿਰ ਨੇ ਘੇਰੀ।
ਸਤਿਗੁਰ ਬੇੜੀ ਫੜੀ ਖਲੋਤੇ, ਤੈਂ ਕਿਉਂ ਲਾਈ ਏ ਦੇਰੀ।
ਬੁਲ੍ਹਾ ਸ਼ਾਹ ਸ਼ਹੁ ਤੈਨੂੰ ਮਿਲਸੀ,ਦਿਲ ਨੂੰ ਦੇਹ ਦਲੇਰੀ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲਿਉਂ ਸਿਖਰ ਦੁਪਹਿਰੀ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।