ਅਬ ਕਿਉਂ ਸਾਜਨ ਚਿਰ ਲਾਇਓ ਰੇ । ਟੇਕ ।
ਐਸੀ ਮਨ ਮੇਂ ਆਈ ਕਾ , ਦੁੱਖ ਸੁੱਖ ਸਭ ਵੰਝਾਇਓ ਰੇ ।
ਹਾਰ ਸ਼ਿੰਗਾਰ ਕੋ ਆਗ ਲਗਾਊਂ , ਘਟ ਪਰ ਢਾਂਡ ਮਚਾਇਓ ਰੇ ।
ਸੁਣ ਕੇ ਗਿਆਨ ਕੀ ਐਸੀ ਬਾਤਾਂ , ਨਾਮ ਨਿਸ਼ਾਨ ਸਭੀ ਅਣਘਾਤਾਂ ।
ਕੋਇਲ ਵਾਗੂੰ ਕੂਕਾਂ ਆਤਾਂ , ਤੈਂ ਅਜੇ ਵੀ ਤਰਸ ਨਾ ਆਇਓ ਰੇ ।
ਮੁੱਲਾਂ ਇਸ਼ਕ ਨੇ ਬਾਂਗ ਦਿਵਾਈ , ਉਠ ਦੋੜਨ ਗੱਲ ਵਾਜਬ ਆਈ ,
ਕਰ ਕਰ ਸੱਜਦੇ ਘਰ ਵਲ ਧਾਈ , ਮੱਥੇ ਮਹਿਰਾਬ ਟਿਕਾਇਓ ਰੇ ।
ਪ੍ਰੇਮ ਨਗਰ ਦੇ ਉਲਟੇ ਚਾਲੇ , ਖੂਨੀ ਨੈਣ ਹੋਏ ਖ਼ੁਸ਼ਹਾਲੇ
ਆਪੇ ਆਪ ਫਸੇ ਵਿਚ ਜਾਲੇ , ਫਸ ਫਸ ਆਪ ਕੁਹਾਇਓ ਰੇ ।
ਬੁਲ੍ਹਾ ਸ਼ਹੁ ਸੰਗ ਪ੍ਰੀਤ ਲਗਾਈ , ਸੋਹਣੀ ਬਣ ਤਣ ਸਭ ਕੋਈ ਆਈ ।
ਵੇਖ ਕੇ ਸ਼ਾਹ ਇਨਾਇਤ ਸਾਈਂ , ਜੀਅ ਮੇਰਾ ਭਰ ਆਇਓ ਰੇ ।