ਇਕ ਟੂਣਾ ਅਚੰਭਾ ਗਾਵਾਂਗੀ, ਮੈਂ ਰੁੱਠਾ ਯਾਰ ਮਨਾਵਾਂਗੀ।
ਇਹ ਟੂਣਾ ਮੈਂ ਪੜ੍ਹ ਪੜ੍ਹ ਫੂਕਾਂ, ਸੂਰਜ ਅਗਨ ਜਲਾਵਾਂਗੀ।
ਅੱਖੀਂ ਕਾਜਲ ਕਾਲੇ ਬਾਦਲ, ਭਵਾਂ ਸੇ ਆਂਧੀ ਲਿਆਵਾਂਗੀ।
ਸਤ ਸਮੁੰਦਰ ਦਿਲ ਦੇ ਅੰਦਰ, ਦਿਲ ਸੇ ਲਹਿਰ ਉਠਾਵਾਂਗੀ।
ਬਿਜਲੀ ਹੋ ਕਰ ਚਮਕ ਡਰਾਵਾਂ, ਬਾਦਲ ਹੋ ਗਿਰ ਜਾਵਾਂਗੀ
ਇਸ਼ਕ ਅੰਗੀਠੀ ਹਰਮਲ ਤਾਰੇ, ਚੰਦ ਸੇ ਕਫ਼ਨ ਬਨਾਵਾਂਗੀ।
ਲਾ ਮਕਾਨ ਦੀ ਪਟੜੀ ਉਪਰ, ਬਹਿ ਕੇ ਨਾਦ ਵਜਾਵਾਂਗੀ
ਲਾਏ ਸੋ ਆਨ ਮੈਂ ਸ਼ਹੁ ਗਲ ਆਪਨੇ, ਤਦ ਮੈਂ ਨਾਰ ਕਹਾਵਾਂਗੀ।
ਇਕ ਟੂਣਾ ਅਚੰਭਾ ਗਾਵਾਂਗੀ।